Punjab News: ਪੰਜਾਬ ‘ਚ ਦੋ ਥਾਵਾਂ ਤੋਂ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਲੁਧਿਆਣਾ ਦੀ ਇੱਕ ਫੈਕਟਰੀ ਵਿੱਚ ਸ਼ਨੀਵਾਰ ਰਾਤ ਕਰੀਬ 11 ਵਜੇ ਅੱਗ ਲੱਗ ਗਈ ਜਿਸ ਕਾਰਨ ਤਿੰਨ ਵਿਅਕਤੀ ਝੁਲਸ ਗਏ। ਫਾਇਰ ਅਫਸਰ ਆਤਿਸ਼ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ 'ਤੇ ਕਾਬੂ ਪਾ ਲਿਆ ਗਿਆ। ਤਿੰਨ ਲੋਕ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾਵੇਗੀ।


ਦੂਸਰੀ ਘਟਨਾ ਫ਼ਿਰੋਜ਼ਪੁਰ ਦੀ ਹੈ ਜਿੱਥੇ ਪਰਾਲੀ ਦੇ ਭੰਡਾਰ ਨੂੰ ਅੱਗ ਲੱਗ ਗਈ। ਫਾਇਰ ਅਫਸਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।


ਪਿਛਲੇ ਮਹੀਨੇ ਵੀ ਲੁਧਿਆਣਾ ਦੀ ਇੱਕ ਫੈਕਟਰੀ ਵਿੱਚ ਲੱਗੀ ਸੀ ਅੱਗ 


ਦੱਸ ਦੇਈਏ ਕਿ 26 ਅਕਤੂਬਰ ਨੂੰ ਲੁਧਿਆਣਾ ਦੀ ਇੱਕ ਕੱਪੜਾ ਫੈਕਟਰੀ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਹਾਦਸਾ ਬਾਜਵਾ ਨਗਰ ਇਲਾਕੇ 'ਚ ਵਾਪਰਿਆ। ਜਿੱਥੇ ਟੈਕਸਟਾਈਲ ਫੈਕਟਰੀ ਵਿੱਚ ਅੱਗ ਲੱਗ ਗਈ ਜਿਸ ਕਾਰਨ ਕੱਪੜਾ ਅਤੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਬਾਜਵਾ ਨਗਰ ਵਿੱਚ ਤਿੰਨ ਭਰਾਵਾਂ ਨੇ ਮਿਲ ਕੇ ਫੈਕਟਰੀਆਂ ਬਣਾਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਕੱਚਾ ਮਾਲ ਤਿਆਰ ਕਰਦਾ ਹੈ ਅਤੇ ਦੂਜਾ ਕੱਪੜੇ ਦਾ ਉਤਪਾਦਨ ਕਰਦਾ ਹੈ। 26 ਅਕਤੂਬਰ ਦੀ ਸਵੇਰ ਨੂੰ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਇੱਕ ਫੈਕਟਰੀ ਵਿੱਚ ਲੱਗੀ ਅੱਗ ਨੇ ਦੋ ਹੋਰ ਫੈਕਟਰੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜਦੋਂ ਰਾਹਗੀਰਾਂ ਨੇ ਫੈਕਟਰੀ ਨੂੰ ਅੱਗ ਲੱਗੀ ਦੇਖੀ ਤਾਂ ਉਸ ਦੇ ਮਾਲਕ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਨੇ ਕਾਫੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ।


ਫ਼ਿਰੋਜ਼ਪੁਰ ਵਿੱਚ ਪਰਾਲੀ ਨੂੰ ਅੱਗ ਨੂੰ ਲੱਗਣ ਦੀ ਦੂਜੀ ਘਟਨਾ


ਫ਼ਿਰੋਜ਼ਪੁਰ ਵਿੱਚ ਪਰਾਲੀ ਦੇ ਭੰਡਾਰ ਨੂੰ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਹਾਲ ਹੀ ਦੋ-ਤਿੰਨ ਦਿਨ ਪਹਿਲਾਂ ਫ਼ਿਰੋਜ਼ਪੁਰ ਵਿੱਚ ਪਰਾਲੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਪਰਾਲੀ ਨੂੰ ਅੱਗ ਖੁਦ ਲੱਗੀ ਜਾਂ ਕਿਸੇ ਨੇ ਲਗਾਈ।