Ludhiana News: ਆਪਣੇ ਆਪ ਨੂੰ ਸੀਬੀਆਈ ਦਾ ਡਾਇਰੈਕਟਰ ਦੱਸ ਸਿਆਸੀ ਲੋਕਾਂ ਦਬਕਾਉਣ ਤੇ ਪੈਸੇ ਠੱਗਣ ਵਾਲਾ ਸ਼ਖਸ ਪੁਲਿਸ ਅੜਿੱਕੇ ਆਇਆ ਹੈ। ਮੁਲਜ਼ਮ ਰੁਪਿੰਦਰ ਕੁਮਾਰ ਇੰਨਾ ਸ਼ਾਤਿਰ ਸੀ ਕਿ ਆਪਣੇ ਆਪ ਨੂੰ ਸੀਬੀਆਈ ਦਾ ਡਾਇਰੈਕਟਰ ਦੱਸ ਕੇ ਸਾਹਮਣੇ ਵਾਲੇ ਦੇ ਹੋਸ਼ ਉਡਾ ਦਿੰਦਾ ਸੀ। ਉਹ ਆਮ ਲੋਕਾਂ ਦੀ ਬਜਾਏ ਸਿਆਸੀ ਲੋਕਾਂ ਤੇ ਪੁਲਿਸ ਅਫਸਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ।
ਹਾਸਲ ਜਾਣਕਾਰੀ ਮੁਤਾਬਕ ਉਹ ਸਿਆਸੀ ਲੋਕਾਂ ’ਤੇ ਦਬਾਅ ਪਾਉਂਦਾ ਸੀ ਤੇ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਲੋਕਾਂ ਨੂੰ ਵੀ ਡਰਾ-ਧਮਕਾ ਕੇ ਪੈਸੇ ਠੱਗੇ ਹਨ। ਇਸ ਬਾਰੇ ਜਾਂਚ ਜਾਰੀ ਹੈ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਖੁਦ ਨੂੰ ਉੱਤਰੀ ਭਾਰਤ ਦਾ ਸੀਬੀਆਈ ਡਾਇਰੈਕਟਰ ਦੱਸ ਕੇ ਸਿਆਸੀ ਲੋਕਾਂ ਤੇ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਵਾਲੇ ਜਾਅਲੀ ਸੀਬੀਆਈ ਅਧਿਕਾਰੀ ਨੂੰ ਕਾਬੂ ਕੀਤਾ ਹੈ। ਥਾਣਾ ਜਮਾਲਪੁਰ ਦੀ ਪੁਲਿਸ ਨੇ ਗੁਪਤਾ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਜਮਾਲਪੁਰ ਚੌਕ ਕੋਲੋਂ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ ਮੁਲਜ਼ਮ ਨੇ ਆਪਣੀ ਕਾਰ ’ਚ ਨੇਮ ਪਲੇਟ ਵੀ ਰੱਖੀ ਹੋਈ ਸੀ। ਮੁਲਜ਼ਮ ਦੀ ਪਛਾਣ ਰੁਪਿੰਦਰ ਕੁਮਾਰ ਵਾਸੀ ਇੰਦਰਾ ਕਲੋਨੀ ਵਾਸੀ ਬਸਤੀ ਜੋਧੇਵਾਲ ਵਜੋਂ ਹੋਈ ਹੈ। ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਜਾਂਚ ਅਧਿਕਾਰੀ ਏਐਸਆਈ ਗੁਰਬਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਸਵਿਫ਼ਟ ਕਾਰ ’ਚ ਬੈਠਾ ਹੈ ਤੇ ਖੁਦ ਨੂੰ ਉੱਤਰੀ ਭਾਰਤ ਦਾ ਸੀਬੀਆਈ ਡਾਇਰੈਕਟਰ ਦੱਸਦਾ ਹੈ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਤੇ ਉਸ ਦੇ ਕਬਜ਼ੇ ’ਚੋਂ ਨੇਮ ਪਲੇਟ ਵੀ ਬਰਾਮਦ ਕੀਤੀ ਗਈ।
ਉਸ ਨੇ ਪੁਲਿਸ ਦੇ ਰੰਗ ਵਰਗੇ ਅਹੁਦੇ ਦੀ ਪਲੇਟ ਬਣਵਾ ਰੱਖੀ ਸੀ। ਗੁਰਬਚਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਖੁਦ ਨੂੰ ਡਾਇਰੈਕਟਰ ਦੱਸ ਰਾਜਸੀ ਲੋਕਾਂ ’ਤੇ ਦਬਾਅ ਪਾਉਂਦਾ ਸੀ ਤੇ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦਾ ਸੀ। ਉਨ੍ਹਾਂ ਦੱਸਿਆ ਕਿ ਸ਼ੱਕ ਹੈ ਕਿ ਮੁਲਜ਼ਮ ਨੇ ਲੋਕਾਂ ਨੂੰ ਵੀ ਡਰਾ-ਧਮਕਾ ਕੇ ਪੈਸੇ ਠੱਗੇ ਹਨ।