Ludhiana News: ਪਹਿਲਾਂ ਹੀ ਮੰਦੀ ਦੇ ਦੌਰ ਦਾ ਸਾਹਮਣੇ ਕਰ ਰਹੇ ਕਿਸਾਨਾਂ ਉੱਪਰ ਲਗਾਤਾਰ ਹੋਰ ਬੋਝ ਪਾਇਆ ਜਾ ਰਿਹਾ ਹੈ। ਹੁਣ ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਡੀਏਪੀ ਤੇ ਯੂਰੀਆ ਖਾਦ ਖ਼ਰੀਦਣ ਸਮੇਂ ਲੁੱਟ ਦਾ ਸ਼ਿਕਾਰ ਹੋਣ ਪੈ ਰਿਹਾ ਹੈ। ਸੂਤਰਾਂ ਮੁਤਾਬਕ ਜਦੋਂ ਕਿਸਾਨ ਆਪਣੀ ਫ਼ਸਲ ਵਿੱਚ ਖਾਦ ਪਾਉਣ ਲਈ ਦੁਕਾਨਦਾਰ ਕੋਲ ਜਾਂਦਾ ਹੈ ਤਾਂ ਦੁਕਾਨਦਾਰ ਉਸ ਨਾਲ ਵਾਧੂ ਦਵਾਈਆਂ ਖ਼ਰੀਦਣ ਦੀ ਸ਼ਰਤ ਰੱਖ ਦਿੰਦਾ ਹੈ। 


ਦੂਜੇ ਪਾਸੇ ਜੇਕਰ ਕਿਸਾਨ ਸ਼ਰਤ ਨਹੀਂ ਮੰਨਦਾ ਤਾਂ ਉਸ ਨੂੰ ਖਾਦ ਦੇਣ ਤੋਂ ਕੋਰਾ ਜਵਾਬ ਮਿਲ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਜਦੋਂ ਉਹ ਬੇਵੱਸ ਹੋ ਕੇ ਆਪਣੀ ਪਿੰਡ ਦੀ ਸਹਿਕਾਰੀ ਸਭਾ ਵਿੱਚੋਂ ਖਾਦ ਲੈ ਕੇ ਆਪਣੀ ਸਮੱਸਿਆ ਦਾ ਹੱਲ ਕਰਨਾ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਸਹਿਕਾਰੀ ਸਭਾ ਵੱਲੋਂ ਵੀ ਆਪਣੀ ਮਜ਼ਬੂਰੀ ਦੱਸ ਕੇ ਨੈਨੋ ਯੂਰੀਆ ਤਰਲ ਦਿੱਤਾ ਜਾਣ ਲੱਗ ਪਿਆ ਹੈ।


ਹਾਸਲ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਵੱਲੋਂ ਪੰਜਾਬ ਰਾਜ ਨੂੰ ਦੋ ਸੌ ਲੱਖ ਨੈਨੋ ਯੂਰੀਆ ਬੋਤਲਾਂ ਅਕਤੂਬਰ ਮਹੀਨੇ ਵਿੱਚ ਭੇਜੀਆਂ ਗਈਆਂ ਸਨ ਜੋ ਖ਼ਰੀਦ ਨਾ ਹੋਣ ਕਾਰਨ ਇਫ਼ਕੋ ਕੋਲ ਬਕਾਇਆ ਪਈਆਂ ਹਨ। ਹੁਣ ਜਦੋਂ ਕੋਈ ਸਹਿਕਾਰੀ ਸਭਾ ਇਫਕੋ ਤੋਂ ਯੂਰੀਆਂ ਖਾਦ ਦੀ ਗੱਡੀ ਮੰਗਵਾਉਂਦੀ ਹੈ ਤਾਂ ਇਫਕੋ ਵੱਲੋਂ ਯੂਰੀਆ ਖਾਦ ਦੇ ਭਰੇ ਟਰੱਕ ਨਾਲ 150 ਦੇ ਕਰੀਬ ਨੈਨੋ ਯੂਰੀਆ ਤਰਲ ਧੱਕੇ ਨਾਲ ਦੇ ਦਿੱਤੀਆਂ ਜਾਂਦੀਆਂ ਹਨ। 


ਇਸ ਲਈ ਜਦੋਂ ਕਿਸਾਨ ਯੂਰੀਆ ਖਾਦ ਲੈਣ ਸਹਿਕਾਰੀ ਸਭਾ ਕੋਲ ਜਾਂਦਾ ਹੈ ਤਾਂ ਉਹ ਕਿਸਾਨ ਨੂੰ ਛੇ ਥੈਲਿਆਂ ਪਿੱਛੇ ਇੱਕ ਨੈਨੋ ਯੂਰੀਆ ਤਰਲ ਵੇਚਣ ਦੀ ਆਪਣੀ ਮਜ਼ਬੂਰ ਦੱਸਦੇ ਹਨ ਤੇ ਫਿਰ ਕਿਸਾਨ ਨੂੰ ਬੇਲੋੜਾ ਖਾਦ ਤਰਲ ਪਦਾਰਥ ਖ਼ਰੀਦਣਾ ਪੈਂਦਾ ਹੈ। ਇਸ ਤਰ੍ਹਾਂ ਖਾਦਾਂ ਖ਼ਰੀਦਣ ਸਮੇਂ ਕਿਸਾਨ ਨੂੰ ਦੁਕਾਨਦਾਰਾਂ ਤੇ ਸਹਿਕਾਰੀ ਸਭਾ ਦੋਵੇਂ ਪਾਸੇ ਤੋਂ ਮਾਰ ਝੱਲਣੀ ਪੈ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।