Ludhiana News: ਲੁਧਿਆਣਾ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਐਲਕੇਜੀ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਦੀ ਸਕੂਲ ਦੇ ਹੀ ਅਧਿਆਪਕ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਅਧਿਆਪਕ ਉੱਤੇ ਸਖ਼ਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰ ਲਿਆ ਹੈ।
ਪੁਲਿਸ ਨੇ ਕੀਤੀ ਪੁਸ਼ਟੀ
ਪੁਲਿਸ ਨੇ ਬੱਚੇ ਦੀ ਉਮਰ ਨੂੰ ਵੇਖਦਿਆਂ ਹੋਇਆ ਨਾਬਾਲਿਗ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਬੱਚੇ ਨਾਲ ਕੁੱਟਮਾਰ ਕਰਨ ਵਾਲੇ ਅਧਿਆਪਕ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਵਿਦਿਆਰਥੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ ਉੱਤੇ ਪੁਲਿਸ ਨੇ ਮੁਲਜ਼ਮ ਉੱਤੇ 323, 342, 75 ਅਤੇ 82 ਧਾਰਾ ਦੇ ਤਹਿਤ ਥਾਣਾ ਮੋਤੀ ਨਗਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਏਸੀਪੀ ਲੁਧਿਆਣਾ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਸਕੂਲ ਮਮਤਾ ਪ੍ਰਾਪਤ ਸੀ ਜਾਂ ਨਹੀਂ ਇਸ ਦੀ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਲੁਧਿਆਣਾ ਦੀ ਮੁਸਲਿਮ ਕਲੋਨੀ ਸਥਿਤ ਇਕ ਨਿੱਜੀ ਸਕੂਲ 'ਚ ਇੱਕ ਵਿਦਿਆਰਥੀ 'ਤੇ ਥਰਡ ਡਿਗਰੀ ਟਾਰਚਰ ਕਰਨ ਦਾ ਸਮਾਚਾਰ ਹਾਸਿਲ ਹੋਇਆ ਸੀ। ਇਹ ਬੱਚਾ LKG ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਇਸ ਬੱਚੇ ਉੱਤੇ ਆਪਣੇ ਜਮਾਤੀ ਨੂੰ ਪੈਨਸਿਲ ਨਾਲ ਮਾਰਨ ਦਾ ਦੋਸ਼ ਸੀ। ਸਕੂਲ ਦੇ ਪ੍ਰਿੰਸੀਪਲ ਨੇ ਐਲਕੇਜੀ ਵਿੱਚ ਪੜ੍ਹਦੇ ਇਸ ਬੱਚੇ ਨੂੰ ਕੁੱਟਣ ਦੇ ਲਈ ਦੋ ਹੋਰ ਵਿਦਿਆਰਥੀਆਂ ਦੀ ਮਦਦ ਲਈ, ਜਿਨ੍ਹਾਂ ਨੇ ਇਸ ਬੱਚੇ ਦੇ ਹੱਥ-ਪੈਰ ਫੜੇ ਅਤੇ ਫਿਰ ਪ੍ਰਿੰਸੀਪਲ ਦੇ ਇਸ ਬੱਚੇ ਨੂੰ ਡੰਡਿਆਂ ਦੇ ਨਾਲ ਕੁੱਟਿਆ। ਇਸ ਦੌਰਾਨ ਬੱਚਾ ਚੀਕਾਂ ਮਾਰਦਾ ਰਿਹਾ, ਪਰ ਪ੍ਰਿੰਸੀਪਲ ਉਸ ਨੂੰ ਕੁੱਟਦਾ ਰਿਹਾ।