ਲੁਧਿਆਣਾ: ਦੇਸ਼ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਦੇ ਮਾਮਲੇ ਵਧ ਰਹੇ ਹਨ, ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਰਹੀ ਹੈ। ਸਰਕਾਰ ਵੱਲੋਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਸਣੇ ਹੋਰ ਹਦਾਇਤਾਂ ਦੀ ਪਾਲਣਾ ਕਰਨ ਤੇ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ, ਲੁਧਿਆਣਾ ਦੇ ਸਿਵਲ ਸਰਜਨ ਦਫਤਰ ਸਥਿਤ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿੱਚ ਲੱਗ ਰਹੀ ਕੋਰੋਨਾ ਵੈਕਸੀਨੇਸ਼ਨ ਦੌਰਾਨ ਅੱਜ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਦੀਆਂ ਦੇਖੀਆਂ ਗਈਆਂ।


ਲੋਕਾਂ ਨੇ ਇਸ ਦੌਰਾਨ ਕਥਿਤ ਤੌਰ 'ਤੇ ਭਾਈ ਭਤੀਜਾਵਾਦ ਅਪਣਾਏ ਜਾਣ ਦਾ ਦੋਸ਼ ਵੀ ਲਾਇਆ। ਵੈਕਸੀਨੇਸ਼ਨ ਲਗਵਾਉਣ ਆਏ ਲੋਕਾਂ ਦਾ ਦੋਸ਼ ਸੀ ਕਿ ਉਹ ਸਵੇਰੇ 9 ਵਜੇ ਤੋਂ ਲਾਈਨਾਂ ਵਿੱਚ ਖੜ੍ਹੇ ਹੋਏ ਹਨ ਪਰ ਹਾਲੇ ਤੱਕ ਉਨ੍ਹਾਂ ਦਾ ਨੰਬਰ ਨਹੀਂ ਆਇਆ। ਜਦਕਿ ਕਈ ਲੋਕ ਬਿਨਾਂ ਲਾਈਨਾਂ ਤੋਂ ਆ ਕੇ ਟੀਕਾ ਲਵਾ ਕੇ ਜਾ ਰਹੇ ਹਨ।


ਸੋਸ਼ਲ ਡਿਸਟੈਂਸਿੰਗ ਨਾ ਹੋਣ ਸਬੰਧੀ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਅਪਨਾਉਣ ਦੀ ਸਲਾਹ ਦਿੰਦੀ ਹੈ' ਦੂਜੇ ਪਾਸੇ ਇੱਥੇ ਇੰਨੀ ਭੀੜ ਹੈ। ਜੇਕਰ ਕੋਈ ਵਿਅਕਤੀ ਕੋਰੋਨਾ ਪੌਜ਼ੇਟਿਵ ਹੋਵੇਗਾ, ਤਾਂ ਉਸ ਦਾ ਹਰਜਾਨਾ ਸਾਰਿਆਂ ਨੂੰ ਭੁਗਤਣਾ ਪਵੇਗਾ।


ਇਸ ਦੌਰਾਨ ਕੁਝ ਸਟਾਫ ਦੇ ਮੈਂਬਰ ਬਗੈਰ ਮਾਸਕ ਤੋਂ ਨਜ਼ਰ ਆਏ ਤੇ ਕੁਝ ਭੀੜ ਨੂੰ ਹਟਾਉਂਦੇ ਦਿਖੇ। ਸਟਾਫ ਮੈਂਬਰ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਵੱਲੋਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਅਪਣਾ ਕੇ ਰੱਖਣ ਲਈ ਪੂਰਾ ਜ਼ੋਰ ਲਗਾ ਰਹੇ ਹਨ। ਪਰ ਲੋਕ ਸੁਣਨ ਨੂੰ ਤਿਆਰ ਨਹੀਂ ਹਨ। ਤੁਹਾਨੂੰ ਦੱਸ ਦਈਏ ਕਿ ਇਥੇ ਪੁਲਿਸ ਦੇ ਮੁਲਾਜ਼ਮ ਵੀ ਤਾਇਨਾਤ ਸਨ, ਪਰ ਉਹ ਵੀ ਬੇਵੱਸ ਨਜ਼ਰ ਆਏ।


ਜਿਲ੍ਹਾ ਇਮੁਨਾਈਜੇਸ਼ਨ ਅਫਸਰ ਡਾ. ਪੁਨੀਤ ਜੁਨੇਜਾ ਨੇ ਦੱਸਿਆ ਕਿ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਅਪਨਾਉਣ ਵਾਸਤੇ ਸਮਝਾਉਣ ਦੀ ਵਿਭਾਗ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਲੋਕ ਸਮਝਦੇ ਨਹੀਂ ਹਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਭਾਈ ਭਤੀਜਾਵਾਦ ਦੇ ਦੋਸ਼ ਨੂੰ ਖਾਰਿਜ ਕੀਤਾ। ਜਦਕਿ ਵੇਕਸੀਨੇਸ਼ਨ ਦੀ ਉਪਲਬਧਤਾ ਨੂੰ ਲੈ ਕੇ ਦੱਸਿਆ ਕਿ ਬੀਤੇ ਦਿਨ ਕਰੀਬ 27 ਹਜ਼ਾਰ ਡੋਜ਼ ਆਏ ਸਨ, ਜੋ ਕਰੀਬ ਡੇਢ ਦਿਨ ਦਾ ਸਟਾਕ ਹੈ।