ਹੁਸ਼ਿਆਰਪੁਰ : ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ, ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ 15 ਜੂਨ ਨੂੰ ਜਲੰਧਰ ਬੱਸ ਸਟੈਂਡ ਤੋਂ ਦਿੱਲੀ ਏਅਰਪੋਰਟ ਲਈ ਲਗਜ਼ਰੀ ਵੋਲਵੋ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸੇਵਾ ਕੱਲ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਸ਼ੁਰੂ ਹੋ ਜਾਵੇਗੀ, ਜਿਸ ਨੂੰ ਲੈ ਕੇ ਹੁਸ਼ਿਆਰਪੁਰ ਸਮੇਤ ਪੂਰੇ ਪੰਜਾਬ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਜਿਥੇ ਪੂਰੇ ਸੂਬੇ ਵਿਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਉਥੇ ਵਿਦੇਸ਼ਾਂ ਵਿਚ ਬੈਠੇ ਐਨ.ਆਰ.ਆਈਜ਼ ਵੀ ਸਰਕਾਰ ਦੇ ਇਸ ਕਦਮ ਦੀ ਸਰਾਹਨਾ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਐਨ.ਆਰ.ਆਈਜ਼ ਵਧੇਰੇ ਹੋਣ ਕਾਰਨ ਇਥੋਂ ਅਕਸਰ ਲੋਕਾਂ ਨੂੰ ਦਿੱਲੀ ਏਅਰਪੋਰਟ ਜਾਣ ਲਈ ਪ੍ਰਾਈਵੇਟ ਬੱਸਾਂ ਦਾ ਸਹਾਰਾ ਲੈਣਾ ਪੈਂਦਾ ਸੀ, ਜਿਸ ਦਾ ਕਿਰਾਇਆ 2500 ਰੁਪਏ ਦੇ ਕਰੀਬ ਸੀ ਪਰ ਪੰਜਾਬ ਸਰਕਾਰ ਦੇ ਇਸ ਲੋਕ ਹਿਤੈਸ਼ੀ ਫੈਸਲੇ ਤੋਂ ਬਾਅਦ ਹੁਣ ਲੋਕਾਂ ਨੂੰ ਦਿੱਲੀ ਏਅਰਪੋਰਟ ਜਾਣ ਲਈ ਕੇਵਲ 1240 ਰੁਪਏ ਕਿਰਾਇਆ ਹੀ ਦੇਣਾ ਪਵੇਗਾ ,ਜੋ ਕਿ ਪ੍ਰਾਈਵੇਟ ਬੱਸਾਂ ਦੇ ਮੁਕਾਬਲੇ ਅੱਧਾ ਕਿਰਾਇਆ ਹੈ। ਉਨ੍ਹਾਂ ਕਿਹਾ ਕਿ ਘਰ ਬੈਠੇ ਹੀ travelyaari.com, punbusonline.com ’ਤੇ ਆਨਲਾਈਨ ਬੁਕਿੰਗ ਕਰਵਾ ਕੇ ਘੱਟ ਕਿਰਾਏ ’ਤੇ ਪੰਜਾਬ ਸਰਕਾਰ ਦੀ ਲਗਜ਼ਰੀ ਏ.ਸੀ. ਬੱਸ ਦੀ ਸੁਵਿਧਾ ਦਾ ਲਾਭ ਲਿਆ ਜਾ ਸਕਦਾ ਹੈ।
ਹੁਸ਼ਿਆਰਪੁਰ ਦੇ ਜੋਧਾਮਲ ਰੋਡ ’ਤੇ ਰਹਿਣ ਵਾਲੇ ਐਨ.ਆਰ.ਆਈਜ਼ ਮਨੋਜ ਕੁਮਾਰ, ਪਿੰਡ ਨੰਦਨ ਦੀ ਪ੍ਰਭਜੋਤ ਕੌਰ, ਤਰਲੋਚਨ ਸਿੰਘ, ਨਈ ਆਬਾਦੀ ਦੇ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੁਆਰਾ ਦਿੱਲੀ ਏਅਰਪੋਰਟ ਲਈ ਲਗਜ਼ਰੀ ਵੋਲਵੋ ਬੱਸ ਦੀ ਸੁਵਿਧਾ ਸ਼ੁਰੂ ਕਰਨ ’ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਸੁਵਿਧਾ ਨਾਲ ਜ਼ਿਲ੍ਹੇ ਨਾਲ ਸਬੰਧਤ ਐਨ.ਆਰ.ਆਈਜ਼ ਨੂੰ ਵੱਡੀ ਸੁਵਿਧਾ ਮਿਲੀ ਹੈ ਅਤੇ ਉਨ੍ਹਾਂ ਨੂੰ ਹੁਣ ਪ੍ਰਾਈਵੇਟ ਬੱਸਾਂ ਵਿਚ ਜਿਆਦਾ ਕਿਰਾਇਆ ਖਰਚ ਨਹੀਂ ਕਰਨਾ ਪਵੇਗਾ ਅਤੇ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਹੀ ਵੋਲਵੋ ਬੱਸ ਸੇਵਾ ਪ੍ਰਾਪਤ ਹੋ ਸਕੇਗੀ।
ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅਰਵਿੰਦ ਸ਼ਰਮਾ ਨੇ ਦੱਸਿਆ ਕਿ 43 ਸੀਟਾਂ ਵਾਲੀ ਇਸ ਬੱਸ ਦੀ ਬੁਕਿੰਗ ਆਨਲਾਈਨ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੱਸ ਵਿਚ ਏ.ਸੀ. ਦੀ ਸੁਵਿਧਾ ਤੋਂ ਇਲਾਵਾ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਤੋਂ ਦਿੱਲੀ ਏਅਰਪੋਰਟ ਜਾਣ ਵਾਲੀ ਲਗਜ਼ਰੀ ਵੋਲਵੋ ਪਨਬੱਸ ਹੁਸ਼ਿਆਰਪੁਰ ਬਸ ਸਟੈਂਡ ਤੋਂ ਰੋਜ਼ ਸਵੇਰੇ 6:40 ਵਜੇ ਜਾਵੇਗੀ।