ਚੰਡੀਗੜ੍ਹ: ਸਾਫ਼ ਸੁਥਰੀ ਗਾਇਕੀ ਤੇ ਪਰਿਵਾਰਕ ਗੀਤਾਂ ਦੇ ਰਚੇਤਾ ਪਰਗਟ ਸਿੰਘ ਲਿੱਦੜਾਂ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸੋਮਵਾਰ ਰਾਤ ਵੇਲੇ ਪਰਗਟ ਸਿੰਘ ਨੇ ਆਖ਼ਰੀ ਸਾਹ ਲਏ। ਪਰਗਟ ਸਿੰਘ ਦੀ ਬੇਵਕਤੀ ਮੌਤ ਨਾਲ ਮਿਆਰੀ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪਰਗਟ ਸਿੰਘ ਨੇ ‘ਮਿੱਤਰਾਂ ਦਾ ਨਾਂ ਚੱਲਦਾ’, ‘ਇੱਕ ਚੰਨ੍ਹ ਦੇ ਵਾਪਸ ਆਉਣ ਦੀ ਉਡੀਕ ਕਰਾਂਗਾ ਮੈਂ’, ‘ਕੋਲੋਂ ਲੰਘਦੀ ਪੰਜੇਬਾਂ ਛਣਕਾਵੇਂ ਜਾਣਕੇ’, ‘ਇਸ ਨਿਰਮੋਹੀ ਨਗਰੀ ਦਾ ਮਾਏਂ ਮੋਹ ਨਹੀਂ ਆਉਂਦਾ’ ਤੋਂ ਇਲਾਵਾ ਹੋਰ ਸੈਂਕੜੇ ਪਰਿਵਾਰਕ ਗੀਤ ਸਰੋਤਿਆਂ ਦੀ ਝੋਲੀ ਪਾਏ। ਪਰਗਟ ਸਿੰਘ ਲਿੱਦੜਾਂ ਪੰਜਾਬੀ ਗੀਤਕਾਰੀ 'ਚ ਸਿਖਰਲੇ ਗੀਤਕਾਰਾਂ ਦੀ ਕਤਾਰ 'ਚ ਬਿਰਾਜਮਾਨ ਸਨ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਪੰਜਾਬੀ ਗੀਤਕਾਰੀ 'ਚ ਪਰਗਟ ਸਿੰਘ ਦੀ ਕਮੀ ਹਮੇਸ਼ਾਂ ਖਟਕਦੀ ਰਹੇਗੀ।