ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਤਸਵੀਰ ਸਾਫ ਹੋ ਗਈ ਹੈ। ਸਿੱਧੂ ਮੂਸੇਵਾਲਾ ਦਾ ਕਤਲ ਲਾਰੈਂਸ ਤੇ ਬੰਬੀਹਾ ਗੈਂਗ ਦੀ ਦੁਸ਼ਮਣੀ ਕਰਕੇ ਹੋਇਆ ਹੈ। ਅਹਿਮ ਗੱਲ ਹੈ ਕਿ ਸਿੱਧੂ ਮੂਸੇਵਾਲਾ ਖੁਦ ਕਿਸੇ ਗਰੋਹ ਨਾਲ ਸਬੰਧਤ ਨਹੀਂ ਸੀ ਪਰ ਲਾਰੈਂਸ ਗੈਂਗ ਮੂਸੇਵਾਲਾ ਦੇ ਗੀਤਾਂ ਤੋਂ ਨਾਰਾਜ਼ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਗੀਤਾਂ ਵਿੱਚ ਬੰਬੀਹਾ ਗੈਂਗ ਦੀ ਪ੍ਰਸ਼ੰਸਾ ਕੀਤਾ ਗਈ ਸੀ।
ਇਸ ਲਈ ਲਾਰੈਂਸ ਗੈਂਗ ਨੂੰ ਸ਼ੱਕ ਸੀ ਕਿ ਮੂਸੇਵਾਲਾ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦਾ ਪ੍ਰਸ਼ੰਸਾ ਕਰਦਾ ਹੈ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਵਿੱਚ ਵੀ ਗੈਂਗਸਟਰਾਂ ਨੂੰ ਸਿੱਧੀ ਚੁਣੌਤੀ ਦਿੰਦਾ ਹੈ। ਲਾਰੈਂਸ ਬਿਸ਼ਨੋਈ ਨੇ ਇਹ ਗੱਲਾਂ ਪੰਜਾਬ ਪੁਲਿਸ ਦੀ ਪੁੱਛਗਿੱਛ ਦੌਰਾਨ ਕਬੂਲੀਆਂ ਹਨ। ਹਾਲਾਂਕਿ ਮੋਹਾਲੀ 'ਚ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਲਾਰੈਂਸ ਗਰੋਹ ਦੀਆਂ ਅੱਖਾਂ 'ਚ ਰੜਕਣ ਲੱਗਾ ਜਿਸ ਤੋਂ ਬਾਅਦ ਮੂਸੇਵਾਲਾ ਨੂੰ 29 ਮਈ ਨੂੰ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸਾਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਵੱਕਾਰ ਦਾ ਸਵਾਲ ਬਣ ਗਿਆ ਸੀ। ਉਸ ਨੇ ਦਾਅਵਾ ਕੀਤਾ,‘‘ਮੂਸੇਵਾਲਾ ਨੇ ਸਾਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ ਤੇ ਉਹ ਸਾਨੂੰ ਕਈ ਵਾਰ ਉਕਸਾਉਂਦਾ ਸੀ। ਹਰਵਿੰਦਰ ਰਿੰਦਾ ਦੇ ਦਖ਼ਲ ਮਗਰੋਂ ਅਸੀਂ ਉਸ ਨੂੰ ਛੱਡ ਦਿੱਤਾ ਸੀ।’’ ਉਸ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੀ ਹੱਤਿਆ ਮਗਰੋਂ ਉਸ ਨੂੰ ਛੱਡਿਆ ਨਹੀਂ ਜਾ ਸਕਦਾ ਸੀ ਤੇ ਕੁਝ ਤਾਂ ਕਰਨਾ ਪੈਣਾ ਸੀ।
ਇਸੇ ਤਰ੍ਹਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁਲਿਸ ਵੱਲੋਂ ਕੀਤੀ ਗਈ ਪੁੱਛ-ਪੜਤਾਲ ’ਚ ਦੱਸਿਆ ਕਿ ਇਹ ਕੋਈ ਸੁਪਾਰੀ ਲੈ ਕੇ ਕੀਤੀ ਗਈ ਹੱਤਿਆ ਨਹੀਂ ਸੀ। ‘ਮੂਸੇਵਾਲਾ ਆਪਣੇ ਗੀਤਾਂ ਰਾਹੀਂ ਸਾਨੂੰ ਉਕਸਾਉਂਦਾ ਸੀ। ਉਸ ਨੇ ਆਪਣੇ ਇਕ ਗੀਤ ’ਚ ਬੰਬੀਹਾ ਗਰੋਹ ਦਾ ਗੁਣਗਾਨ ਕੀਤਾ ਸੀ।’ ਲਾਰੈਂਸ ਨੇ ਕਿਹਾ ਕਿ ਉਸ ਦੇ ਗੀਤਾਂ ਦੇ ਕੁਝ ਬੋਲ ਉਨ੍ਹਾਂ ਦੇ ਮੂੰਹ ’ਤੇ ਚਪੇੜ ਸਨ। ਉਹ ਸਾਨੂੰ ਹਮਲਾ ਕਰਨ ਦੀ ਸ਼ਰੇਆਮ ਚੁਣੌਤੀ ਦਿੰਦਾ ਸੀ। ਆਪਣਾ ਵੱਕਾਰ ਬਹਾਲ ਰੱਖਣ ਲਈ ਅਸੀਂ ਇਹ ਹੱਤਿਆ ਕੀਤੀ ਹੈ।