Sri Muktsar Sahib : ਚਾਲੀ ਮੁਕਤਿਆਂ ਦੇ ਸ਼ਹੀਦੀ ਜੋੜ ਮੇਲੇ ਉਪਰੰਤ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਤਿਹਾਸਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਟੁੱਟੀ ਗੰਢੀ ਦੇ ਦਰਵਾਜਾ ਨੰਬਰ -4 ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬਲਵਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਆਰੰਭ ਹੋਇਆ। ਇਹ ਨਗਰ ਕੀਰਤਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋ ਕੇ, ਮਲੋਟ ਰੋਡ, ਰੇਲਵੇ ਰੋਡ ਰਾਹੀ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਨਤਮਸਤਕ ਹੋ ਕੇ ਗੁਰਦੁਆਰਾ ਦਾਤਣਸਰ ਪਹੁੰਚਿਆ। ਜਿਥੋਂ ਵਾਪਸੀ ਜਲਾਲਾਬਾਦ ਰੋਡ, ਮੌੜ ਰੋਡ ਹੋ ਕੇ ਗੁਦੁਆਰਾ ਟੁੱਟੀ ਗੰਢੀ ਦੇ ਦਰਵਾਜਾ ਨੰਬਰ -7 ਵਿਖੇ ਸਮਾਪਿਤ ਹੋਇਆ। 



 

ਇਸ ਨਗਰ ਕੀਰਤਨ ਵਿੱਚ ਸ਼ਹਿਰ, ਇਲਾਕੇ ਤੇ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਵੱਲੋਂ ਗੁਰੁ ਜਸ ਗਾਇਨ ਕੀਤਾ ਗਿਆ। ਇਸ ਨਗਰ ਕੀਰਤਨ ਦੌਰਾਨ ਬੈਂਡਵਾਜਾ ਅਤੇ ਗਤਕਾ ਪਾਰਟੀਆਂ ਨੇ ਆਪਣੇ ਜੋਹਰ ਦਿਖਾਏ। ਜਦੋਂ ਕਿ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਰਾਹ ਵਿੱਚ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਨਾਲ ਸੇਵਾ ਕੀਤੀ ਗਈ। ਨਗਰ ਕੀਰਤਨ ਦੇ ਅੱਗੇ ਅੱਗੇ ਬੀਬੀਆਂ ਵੱਲੋਂ ਸਫਾਈ ਪੱਖੋਂ ਝਾੜੂ ਦੀ ਸੇਵਾ ਕੀਤੀ ਜਾ ਰਹੀ ਸੀ। ਨਗਰ ਕੀਰਤਨ ਦੌਰਾਨ ਗੁਰਦੁਆਰਾ ਟਿੱਬੀ ਸਾਹਿਬ ਤੇ ਗੁਰਦੁਆਰਾ ਦਾਤਣ ਸਾਹਿਬ ਵਿਖੇ ਲੰਗਰ ਲਗਾਏ ਗਏ, ਸਮਾਪਤੀ ਸਮੇਂ ਸੰਗਤਾਂ ਲਈ ਚਾਹ-ਪਾਣੀ ਤੇ ਵਿਸੇਸ਼ ਲੰਗਰਾਂ ਦੇ ਇੰਤਜਾਮ ਕੀਤੇ ਗਏ ਸਨ। ਇਸ ਨਗਰ ਕੀਰਤਨ ਮੌਕੇ ਕੋਈ ਵੀ ਪੰਥਕ ਆਗੂ, ਸਿਆਸੀ ਲੀਡਰ ਤੇ ਨਾ ਹੀ ਕੋਈ ਸ਼ੋਮਣੀ ਕਮੇਟੀ ਮੈਂਬਰ ਹਾਜਰ ਹੋਏ।  

 

ਨਗਰ ਕੀਰਤਨ ਦੌਰਾਨ ਸੰਗਤਾਂ ਵੱਢੀ ਗਿਣਤੀ ਵਿੱਚ ਸ਼ਾਮਿਲ ਹੋਈਆਂ ,ਜੋ ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਹੋਏ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਨਾਲ ਨਾਲ ਚੱਲ ਰਹੀਆਂ ਸਨ। ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਾਈ ਸਿੰਘ ਅਤੇ ਉਨਾਂ ਦੀ ਸਮੁੱਚੀ ਟੀਮ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ 'ਤੇ ਸੁਚੇਤ ਹੋ ਕੇ ਕੀਤੇ ਗਏ ਕਾਰਜਾਂ ਸਦਕਾ ਸ਼ਹੀਦੀ ਜੋੜ ਮੇਲੇ ਨਾਲ ਸਬੰਧਤ ਧਾਰਮਿਕ ਸਮਾਗਮ ਆਦਿ ਨਿਰਵਿਘਨਤਾ ਸਹਿਤ ਸਮਾਪਤ ਹੋ ਗਏ। ਨਗਰ ਕੀਰਤਨ ਸਮੇਂ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

 


 

ਦੱਸ ਦੇਈਏ ਕਿ ਮਾਘੀ ਦਾ ਮੇਲਾ ਹਰ ਸਾਲ ਮਾਘ ਮਹੀਨੇ ਦੀ ਸੰਗਰਾਂਦ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ;ਤੇ ਮਨਾਇਆ ਜਾਂਦਾ ਹੈ। ਇਸ ਮੇਲੇ ’ਤੇ ਦੂਰ-ਦੁਰਾਡੇ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੀਆਂ ਹਨ। ਮਾਘੀ ਜੋੜ ਮੇਲੇ ਦੇ ਇਤਿਹਾਸ ਦੀ ਗੱਲ ਕਰੀਏ, ਸਿੱਖ ਕੌਮ ਦੇ ਮਹਾਨ ਸ਼ਹੀਦ ਸਿੰਘਾਂ (ਚਾਲੀ ਮੁਕਤਿਆਂ) ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਇਤਿਹਾਸਕ ਜੋੜ ਮੇਲਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦਾਂ ਦੀ ਯਾਦ ਵਿੱਚ ਜੋੜ ਮੇਲਾ ਦਰਬਾਰ ਸਾਹਿਬ ਵਿੱਚ ਧਾਰਮਿਕ ਸਮਾਗਮ ਕਰਾਇਆ ਗਿਆ ,ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਦਰਬਾਰ ਸਹਿਬ ਨਤਮਸਤਕ ਹੁੰਦੀਆਂ ਹਨ।