Alert in Punjab: ਪੰਜਾਬ ਵਿੱਚ ਵੱਡੇ ਅੱਤਵਾਦੀ ਹਮਲਿਆਂ ਦੀ ਸੂਚਨਾ ਮਗਰੋਂ ਕੇਂਦਰ ਤੇ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਇਸ ਮਗਰੋਂ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਬੀਐਸਐਫ ਦੀ ਖੁਫੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਅੱਤਵਾਦੀ ਹਮਲੇ ਖਾਲਿਸਤਾਨੀਆਂ ਵੱਲੋਂ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।



ਦਰਅਸਲ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਅੱਤਵਾਦੀ ਹਮਲਿਆਂ ਸਬੰਧੀ ਸੂਚਨਾ ਮਿਲੀ ਹੈ। ਬੀਐਸਐਫ ਦਿੱਲੀ ਹੈੱਡਕੁਆਰਟਰ ਨੇ ਕਿਹਾ ਹੈ ਕਿ ਸਰਹੱਦੀ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਵਧਾਏ ਜਾਣ। ਬੀਐਸਐਫ ਸੂਤਰਾਂ ਮੁਤਾਬਕ ਪੰਜਾਬ ਦੇ ਸਰਹੱਦੀ ਇਲਾਕੇ 'ਚ ਕਿਸੇ ਵੱਡੇ ਹਮਲੇ ਦਾ ਖਦਸ਼ਾ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਇਸ ਸਬੰਧੀ ਜਾਣਕਾਰੀ ਮਿਲੀ ਹੈ। ਇਸ ਨੂੰ ਲੈ ਕੇ ਨਵੀਂ ਦਿੱਲੀ ਸਥਿਤ ਬੀਐਸਐਫ ਹੈੱਡਕੁਆਰਟਰ ਤੋਂ ਡੀਆਈਜੀ, ਕਮਾਂਡੈਂਟ, 2 ਆਈਸੀ ਤੇ ਇੰਸਪੈਕਟਰ ਰੈਂਕ ਸਮੇਤ 7 ਅਧਿਕਾਰੀਆਂ ਦੀ ਟੀਮ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੀ।



ਟੀਮ ਨੇ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨਾਲ ਕਰੀਬ ਡੇਢ ਘੰਟੇ ਤੱਕ ਮੀਟਿੰਗ ਕੀਤੀ। ਪੰਜਾਬ ਪੁਲਿਸ ਦੇ ਕਈ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ। ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਹੋਏ ਅਤਿਵਾਦੀ ਹਮਲਿਆਂ ਸਬੰਧੀ ਵੱਡੇ ਇਨਪੁਟਸ ਪ੍ਰਾਪਤ ਹੋਏ ਹਨ, ਜੋ ਬੀਐਸਐਫ ਨੇ ਪੰਜਾਬ ਸਰਕਾਰ, ਐਨਆਈਏ ਤੇ ਭਾਰਤੀ ਖੁਫੀਆ ਏਜੰਸੀਆਂ ਨਾਲ ਸਾਂਝੇ ਕੀਤੇ ਹਨ। 


ਇੱਥੋਂ ਤੱਕ ਕਿ ਬੀਐਸਐਫ ਦਿੱਲੀ ਹੈੱਡਕੁਆਰਟਰ ਦੇ ਅਧਿਕਾਰੀਆਂ ਨੇ ਸਰਹੱਦੀ ਖੇਤਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਵਧਾਉਣ ਦੀ ਗੱਲ ਵੀ ਕਹੀ ਹੈ। ਬੀਐਸਐਫ ਅਧਿਕਾਰੀਆਂ ਨੇ ਗ੍ਰਹਿ ਸਕੱਤਰ ਨੂੰ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਨਾਈਟ ਵਿਜ਼ਨ ਕੈਮਰੇ, ਐਂਟੀ ਡਰੋਨ ਸਿਸਟਮ ਲਗਾ ਕੇ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਵਧਾਉਣ ਤੇ ਸਰਹੱਦੀ ਖੇਤਰਾਂ ਵਿੱਚ ਥਾਣਿਆਂ ਦੀ ਚੌਕਸੀ ਵਧਾਉਣ ਲਈ ਵੀ ਕਿਹਾ ਹੈ।


ਬੀਐਸਐਫ ਅਧਿਕਾਰੀਆਂ ਨੇ ਇਨ੍ਹੀਂ ਦਿਨੀਂ ਸਰਹੱਦੀ ਖੇਤਰਾਂ ਤੋਂ ਵਧੇ ਹੋਏ ਅੱਤਵਾਦੀ ਫੰਡਿੰਗ ਬਾਰੇ ਪੰਜਾਬ ਪੁਲਿਸ, ਐਨਆਈਏ ਤੇ ਹੋਰ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਟੈਰਰ ਫੰਡਿੰਗ ਰਾਹੀਂ ਸੂਬੇ ਵਿੱਚ ਇੱਕ ਵਾਰ ਫਿਰ ਖਾਲਿਸਤਾਨੀ ਲਹਿਰ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਵਿਉਂਤਬੰਦੀ KZF ਦੇ ਮੁਖੀ ਰਣਜੀਤ ਸਿੰਘ ਨੀਟਾ, ਗ੍ਰੀਸ ਵਿੱਚ ਬੈਠੇ ਜਸਵਿੰਦਰ ਸਿੰਘ ਮੰਨੂ ਤੇ ਯੂਕੇ ਵਿੱਚ ਬੈਠੇ ਜਗਜੀਤ ਸਿੰਘ ਰਾਹੀਂ ਕੀਤੀ ਜਾ ਰਹੀ ਹੈ।