ਚੰਡੀਗੜ੍ਹ - ਸੂਬੇ ਦੇ ਨੌਜਵਾਨਾਂ ਵਿੱਚ ਲੀਡਰਸ਼ਿਪ ਗੁਣ ਪੈਦਾ ਕਰਨ ਅਤੇ ਸਿਹਤਮੰਦ ਗਤੀਵਿਧੀਆਂ ਨਾਲ ਜੁੜਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ 230 ਨੌਜਵਾਨਾਂ ਨੂੰ ਮਨਾਲੀ ਵਿਖੇ ਐਡਵੈਂਚਰ ਤੇ ਟਰੈਕਿੰਗ ਕੈਂਪ ਲਈ ਚੁਣਿਆ ਗਿਆ ਹੈ। ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵੱਲੋਂ ਦੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਪਹਿਲੇ ਫੇਜ਼ ਵਿੱਚ 10 ਰੋਜ਼ਾ ਕੈਂਪ ਲਈ 115 ਨੌਜਵਾਨਾਂ ਨੂੰ ਰਵਾਨਾ ਕੀਤਾ ਗਿਆ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਨਵੀਂ ਯੁਵਾ ਨੀਤੀ ਛੇਤੀ ਬਣ ਰਹੀ ਹੈ ਜਿਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਵੇਗਾ ਅਤੇ ਯੁਵਕਾਂ ਦੀ ਸ਼ਮੂਲੀਅਤ ਵਾਲੀਆਂ ਗਤੀਵਿਧੀਆਂ ਹੋਰ ਵਧਾਈਆਂ ਜਾਣਗੀਆਂ। ਉਨ੍ਹਾਂ ਕਿ ਮੌਜੂਦਾ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਰੁਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸ਼ੁਰੂ ਕੀਤੇ ਗਏ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਯੂਥ ਕਲੱਬਾਂ ਦੀ ਭੂਮਿਕਾ ਸਰਗਰਮ ਕਰਨ ਲਈ ਐਵਾਰਡ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਵਸੋਂ ਵਿੱਚ ਨੌਜਵਾਨਾਂ ਦਾ ਵੱਡਾ ਹਿੱਸਾ ਹੋਣ ਕਰਕੇ ਸਰਕਾਰ ਵੱਲੋਂ ਨੌਜਵਾਨਾਂ ਲਈ ਵੱਡੀਆਂ ਯੋਜਨਾਵਾਂ ਉਲੀਕੀਆਂ ਗਈਆਂ ਹਨ। ਸਰਕਾਰ ਵੱਲੋਂ ਮਹਿਜ਼ ਡੇਢ ਸਾਲ ਦੌਰਾਨ 37000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ।
ਯੁਵਕ ਸੇਵਾਵਾਂ ਮੰਤਰੀ ਨੇ ਨੌਜਵਾਨਾਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਸਾਹਸੀ, ਸਿਹਤਮੰਦ ਅਤੇ ਮਨੋਰੰਜਕ ਗਤੀਵਿਧੀਆਂ ਰਾਹੀਂ ਉਨ੍ਹਾਂ ਦੀ ਸਖ਼ਸ਼ੀਅਤ ਨਿੱਖਰ ਕੇ ਸਾਹਮਣੇ ਆਉਂਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਮਾਜਿਕ ਅਲਾਮਤਾਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਖਾਸ ਕਰਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਅਤੇ ਪਰਾਲੀ ਸਾੜਨ ਨਾਲ ਪਲੀਤ ਹੁੰਦੇ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਜ਼ਿਲੇ ਵਿੱਚ 10-10 ਨੌਜਵਾਨ ਚੁਣੇ ਗਏ ਹਨ ਅਤੇ ਕੁੱਲ 230 ਨੌਜਵਾਨਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ਼ ਮਾਊਂਟੇਨਰਿੰਗ ਐਂਡ ਅਲਾਇੰਡ ਸਪੋਰਟਸ ਮਨਾਲੀ ਭੇਜਿਆ ਜਾ ਰਿਹਾ ਹੈ। ਅੱਜ ਰਵਾਨਾ ਹੋਏ 115 ਨੌਜਵਾਨ 12 ਅਕਤੂਬਰ ਤੋਂ 21 ਅਕਤੂਬਰ ਤੱਕ ਅਤੇ ਦੂਜੇ ਗਰੁੱਪ ਵਿੱਚ 115 ਨੌਜਵਾਨ 30 ਅਕਤੂਬਰ ਤੋਂ 8 ਨਵੰਬਰ ਤੱਕ ਮਨਾਲੀ ਵਿਖੇ ਐਡਵੈਂਚਰ ਤੇ ਟਰੈਕਿੰਗ ਕੈਂਪ ਲਗਾਉਣਗੇ।
ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਮੁੱਖ ਮੰਤਰੀ ਤੇ ਖੇਡ ਮੰਤਰੀ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਤੇ ਰੁਪਿੰਦਰ ਕੌਰ ਅਤੇ ਜ਼ਿਲਿਆ ਦੇ ਸਹਾਇਕ ਡਾਇਰੈਕਟਰ ਹਾਜ਼ਰ ਸਨ।