Chandigarh News: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਲੋਕਾਂ ਨੂੰ ਤੰਦਰੂਸਤ ਰੱਖਣ ਤੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਚੰਡੀਗੜ੍ਹ ਸਮਾਰਟ ਸਿਟੀ ਵੱਲੋਂ ਸ਼ੁਰੂ ਕੀਤੇ ਗਏ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਨੂੰ ਜ਼ੋਰ-ਸ਼ੋਰ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪ੍ਰਾਜੈਕਟ ਦੇ ਫੇਜ਼-4 ਤਹਿਤ ਸਤੰਬਰ ਮਹੀਨੇ ਦੇ ਅੱਧ ਵਿੱਚ 1250 ਹੋਰ ਨਵੀਂ ਸਾਈਕਲਾਂ ਸ਼ੁਰੂ ਕੀਤੀਆਂ ਜਾਣਗੀਆਂ।
ਇਸ ਪ੍ਰਾਜੈਕਟ ਤਹਿਤ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਸਾਈਕਲਾਂ ਖੜ੍ਹਾਉਣ ਲਈ 152 ਨਵੇਂ ਡੌਕਿੰਗ ਸਟੇਸ਼ਨ ਬਣਾਉਣ ਦਾ ਕੰਮ ਮੁਕੰਮਲ ਹੋ ਗਿਆ। ਇਨ੍ਹਾਂ ਸਾਈਕਲਾਂ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਿੱਚ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਤਹਿਤ ਸਾਈਕਲਾਂ ਦੀ ਗਿਣਤੀ ਪੰਜ ਹਜ਼ਾਰ ਹੋ ਜਾਵੇਗੀ ਤੇ ਡੌਕਿੰਗ ਸਟੇਸ਼ਨਾਂ ਦੀ ਗਿਣਤੀ 617 ’ਤੇ ਪਹੁੰਚ ਜਾਵੇਗੀ।
ਨਗਰ ਨਿਗਮ ਦੀ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਦੇ ਫੇਜ਼-4 ਤਹਿਤ ਸ਼ੁਰੂ ਕੀਤੀਆਂ ਜਾਣ ਵਾਲੀਆਂ 1250 ਸਾਈਕਲਾਂ ਸ਼ਹਿਰ ਵਿੱਚ ਪਹੁੰਚ ਚੁੱਕੀਆਂ ਹਨ, ਜਦੋਂਕਿ ਸਾਈਕਲ ਖੜ੍ਹਾਉਣ ਲਈ 152 ਡੌਕਿੰਗ ਸਟੇਸ਼ਨ ਬਣਾਉਣ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਫੇਜ਼-4 ਦੀ ਰਸਮੀ ਸ਼ੁਰੂਆਤ ਸਤੰਬਰ ਦੇ ਅੱਧ ਵਿੱਚ ਕੀਤੀ ਜਾਵੇਗੀ। ਸਾਈਕਲ ਸ਼ੇਅਰਿੰਗ ਪ੍ਰਾਜੈਕਟ ਤਹਿਤ ਨਵੇਂ ਸਾਈਕਲਾਂ ਨੂੰ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਵਿੱਚ ਸਾਈਕਲਾਂ ਦੀ ਗਿਣਤੀ ਪੰਜ ਹਜ਼ਾਰ ਹੋ ਜਾਵੇਗੀ।
ਨਿਗਮ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਾਈਟਾਂ ਬਦਲਣ ਸਬੰਧੀ ਕੁਝ ਦਿੱਕਤ ਆ ਰਹੀ ਹੈ, ਜਿਸ ਲਈ ਯੂਟੀ ਦੇ ਚੀਫ਼ ਆਰਕੀਟੈਕਟ ਤੋਂ ਪ੍ਰਵਾਨਗੀ ਲਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਨੂੰ ਜੂਨ 2021 ਵਿੱਚ ਸ਼ੁਰੂ ਕੀਤਾ ਗਿਆ ਸੀ। ਪਹਿਲੇ ਇਕ ਸਾਲ ਵਿੱਚ ਪ੍ਰਾਜੈਕਟ ਅਧੀਨ 8.7 ਲੱਖ ਜਣਿਆਂ ਨੇ 35 ਲੱਖ ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕੀਤਾ।
ਇਸ ਦੌਰਾਨ ਸਾਈਕਲਾਂ ਦੀ ਵਰਤੋਂ 20 ਫ਼ੀਸਦ ਔਰਤਾਂ ਤੇ 80 ਫ਼ੀਸਦ ਪੁਰਸ਼ਾ ਵੱਲੋਂ ਕੀਤੀ ਗਈ ਹੈ। ਇੰਨਾ ਹੀ ਨਹੀਂ ਕੁੱਲ ਸਾਈਕਲ ਚਲਾਉਣ ਵਾਲਿਆਂ ਵਿੱਚੋਂ 55 ਫ਼ੀਸਦ ਸਾਈਕਲ 20 ਤੋਂ 30 ਸਾਲ ਤੱਕ ਦੇ ਨੌਜਵਾਨ ਚਲਾ ਰਹੇ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਤਿੰਨ ਲੱਖ ਲਿਟਰ ਤੇਲ ਦੀ ਬੱਚਤ ਕੀਤੀ ਗਈ ਹੈ, ਜਿਸ ਨਾਲ ਪ੍ਰਦੂਸ਼ਣ ਤੇ 2.5 ਕਰੋੜ ਰੁਪਏ ਦੀ ਬੱਚਤ ਕੀਤੀ ਗਈ ਹੈ।
ਦੱਸ ਦਈਏ ਕਿ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਜੂਨ 2021 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰਾਜੈਕਟ ਦੇ ਪਹਿਲੇ ਫੇਜ਼ ਵਿੱਚ 1250 ਸਾਈਕਲਾਂ ਤੇ 155 ਡੌਕਿੰਗ ਸਟੇਸ਼ਨ ਬਣਾਏ ਗਏ ਸਨ। ਫਰਵਰੀ 2022 ਵਿੱਚ ਦੂਜੇ ਫੇਜ਼ ਤੋਂ ਬਾਅਦ ਸਾਈਕਲਾਂ ਦੀ ਗਿਣਤੀ 2500 ਹੋ ਗਈ ਅਤੇ ਡੌਕਿੰਗ ਸਟੇਸ਼ਨ 310 ਹੋ ਗਏ। ਇਸੇ ਤਰ੍ਹਾਂ ਜਨਵਰੀ 2023 ਵਿੱਚ ਤੀਜੇ ਫੇਜ਼ ਤੋਂ ਬਾਅਦ ਸ਼ਹਿਰ ਵਿੱਚ ਸਾਈਕਲਾਂ ਦੀ ਗਿਣਤੀ 3750 ਹੋ ਗਈ ਅਤੇ ਡੌਕਿੰਗ ਸਟੇਸ਼ਨ 465 ਬਣ ਗਏ ਸਨ।