Moga News :
  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤਹਿਤ ਅੱਜ ਪੂਰੇ ਪੰਜਾਬ ‘ਚ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ। ਇਸ ਸਰਚ ਆਪ੍ਰੇਸ਼ਨ ‘ਚ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਰੇਡ ਕੀਤੀ ਜਾ ਰਹੀ ਹੈ। DGP ਗੌਰਵ ਯਾਦਵ ਖੁਦ ਸਰਚ ਆਪ੍ਰੇਸ਼ਨ ਅਗਵਾਈ ਕਰ ਰਹੇ ਹਨ। ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੀ ਸਾਧਾਰਨ ਬਸਤੀ ਅਤੇ ਇੰਦਰਾ ਕਾਲੋਨੀ 'ਚ ਮੋਗਾ ਪੁਲਿਸ ਨੇ ਕਰੀਬ 300 ਪੁਲਿਸ ਮੁਲਾਜ਼ਮਾਂ ਦੇ ਨਾਲ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਹੈ। 
 

ਮੋਗਾ ਦੇ ਐਸਐਸਪੀ ਡੀਆਈਜੀ ਨਰਿੰਦਰ ਭਾਰਗਵ ਦੀ ਅਗਵਾਈ ਵਿੱਚ ਮੋਗਾ ਦੀਆਂ ਦੋਵੇਂ ਬਸਤੀਆਂ ਵਿੱਚ ਇਹ ਕਾਰਵਾਈ ਕੀਤੀ ਗਈ। ਇਸ ਤਲਾਸ਼ੀ ਦੌਰਾਨ ਪੁਲਿਸ ਨੇ ਕਈ ਘਰਾਂ ਦੀ ਤਲਾਸ਼ੀ ਲਈ ਤਾਂ ਤਸਕਰਾਂ ਦੇ ਘਰਾਂ ਦੇ ਬਾਹਰ ਅਤੇ ਅੰਦਰ ਸੀਸੀਟੀਵੀ ਲੱਗੇ ਹੋਏ ਹਨ ਅਤੇ ਕਈ ਘਰਾਂ ਦੇ ਦਰਵਾਜ਼ੇ ਵੀ ਦੂਜੀ ਗਲੀ 'ਚ ਨਿਕਲੇ ਹਨ। ਹਾਲਾਂਕਿ ਇਸ ਦੌਰਾਨ ਮੋਗਾ ਪੁਲਿਸ ਨੇ ਕਈ ਸ਼ੱਕੀ ਲੋਕਾਂ ਨੂੰ ਪੁੱਛਗਿੱਛ ਲਈ ਲਿਆਂਦਾ ਹੈ।

 

ਭਾਵੇਂ ਮੋਗਾ ਵਿੱਚ ਦੋਵੇਂ ਬਸਤੀਆਂ ਨਸ਼ੇ ਦੇ ਕਾਰੋਬਾਰ ਅਤੇ ਚੋਰੀ ਦੇ ਸਮਾਨ ਲਈ ਬਦਨਾਮ ਹਨ ਪਰ ਪੁਲੀਸ ਨੇ ਦੋਵਾਂ ਬਸਤੀਆਂ ਦੀ ਸੂਚੀ ਤਿਆਰ ਕਰਕੇ ਉਕਤ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਹੈ। ਉਧਰ ਡੀਆਈਜੀ ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਵੱਡੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਨ੍ਹਾਂ ਦੋਵਾਂ ਕਲੋਨੀਆਂ ਵਿੱਚੋਂ ਕੀ ਬਰਾਮਦ ਹੋਇਆ ਹੈ। 


 

ਓਧਰ ਮਾਨਸਾ ਵਿੱਚ ਪੁਲਿਸ ਦੀ ਤਰਫੋਂ ਨਸ਼ਿਆਂ ਅਤੇ ਗੈਂਗਸਟਰਾਂ ਖਿਲਾਫ ਚਾਰ ਥਾਵਾਂ ‘ਤੇ ਸਰਚ ਅਭਿਆਨ ਚਲਾਇਆ ਗਿਆ ਹੈ, ਜਿਸ ਵਿੱਚ ਆਈ.ਜੀ. ਬਠਿੰਡਾ ਰੇਂਜ ਐਸ.ਐਸ.ਪਰਮਾਰ ਅਤੇ ਮਾਨਸਾ ਦੇ ਐਸ.ਐਸ.ਪੀ ਨਾਨਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਬਲਾਂ ਨੇ ਕਈ ਥਾਵਾਂ ‘ਤੇ ਸਰਚ ਅਭਿਆਨ ਚਲਾਇਆ ਹੈ।

 

 ਇਸ ਤੋਂ ਇਲਾਵਾ ਮੋਹਾਲੀ ਪੁਲਿਸ (SAS Nagar Police) ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਜ਼ਿਲ੍ਹੇ ਵਿੱਚ ਸ਼ੱਕੀ ਵਿਅਕਤੀਆਂ ਅਤੇ ਡਰੱਗ ਹੌਟਸਪੌਟਸ ਦੇ ਟਿਕਾਣਿਆਂ ‘ਤੇ CASO (ਕੋਰਡਨ ਅਤੇ ਸਰਚ ਆਪਰੇਸ਼ਨ) ਚਲਾਇਆ ਗਿਆ ਹੈ।