ਮੋਹਾਲੀ : ਮੋਹਾਲੀ ਦੇ MMS ਕਾਂਡ 'ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਜਿਸ ਮੋਬਾਈਲ ਨੰਬਰ ਦੀ ਜਾਂਚ ਕਰ ਰਹੀ ਹੈ, ਉਸ ਨੂੰ Truecaller ਐਪ 'ਤੇ ਘੁਟਾਲੇ ਕਰਨ ਵਾਲਿਆਂ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਗਿਆ ਹੈ। ਇੱਥੇ ਕਈ ਲੋਕਾਂ ਨੇ ਇਸ ਨੰਬਰ ਤੋਂ ਬਲੈਕਮੇਲਿੰਗ ਕੀਤੇ ਜਾਣ ਸਬੰਧੀ ਮੈਸੇਜ ਵੀ ਰਿਕਾਰਡ ਦਰਜ ਕੀਤੇ ਹਨ। ਇਹ ਮੈਸੇਜ ਫਰਵਰੀ ਤੋਂ ਪੋਸਟ ਕੀਤੇ ਗਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਪਹਿਲਾਂ ਵੀ ਔਰਤਾਂ ਅਤੇ ਲੜਕੀਆਂ ਨੂੰ ਬਲੈਕਮੇਲ ਕਰ ਰਿਹਾ ਹੈ। ਅਜਿਹੇ 'ਚ ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਸਕੈਂਡਲ 'ਚ ਪੁਲਿਸ ਨੇ ਐਤਵਾਰ ਨੂੰ ਮਾਮਲਾ ਦਰਜ ਕੀਤਾ ਸੀ। ਆਰੋਪੀ ਵਿਦਿਆਰਥਣ ਜਿਸ ਨੰਬਰ 'ਤੇ ਵੀਡੀਓ ਭੇਜਦੀ ਸੀ, ਉਹ ਐੱਫ.ਆਈ.ਆਰ. 'ਚ ਬਕਾਇਦਾ ਦਰਜ ਹੈ। Truecaller 'ਤੇ ਉਸ ਨੰਬਰ ਨੂੰ ਸਰਚ ਕਰਨ 'ਤੇ ਕਈ ਲੋਕਾਂ ਦੇ ਮੈਸੇਜ ਮਿਲੇ। ਇੱਕ ਯੂਜ਼ਰ ਨੇ 15 ਫਰਵਰੀ ਨੂੰ ਦਾਇਰ ਕੀਤੇ ਆਪਣੇ ਮੈਸੇਜ ਵਿੱਚ ਲਿਖਿਆ ਹੈ ਕਿ ਬਲੈਕਮੇਲ ਮੈਸੇਜ ਐਂਡ ਕਾਲਿੰਗ।
ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ 19 ਜੂਨ ਨੂੰ ਲਿਖਿਆ ਕਿ ਮੇਰੇ ਨਾਲ ਵੀ ਅਜਿਹਾ ਹੀ ਹੋ ਰਿਹਾ ਹੈ, ਕੋਈ ਇਸਨੂੰ ਜਾਣਦਾ ਹੈ। ਇਕ ਹੋਰ ਯੂਜ਼ਰ ਨੇ ਇੱਥੇ ਲਿਖਿਆ ਹੈ ਕਿ ਇਹ ਵਿਅਕਤੀ ਮੇਰੀ ਪਤਨੀ ਨੂੰ ਫੋਨ ਕਰ ਰਿਹਾ ਹੈ। ਇਸੇ ਤਰ੍ਹਾਂ ਕਈ ਹੋਰ ਉਪਭੋਗਤਾਵਾਂ ਨੇ ਇਸ ਐਪ 'ਤੇ ਮੁਲਜ਼ਮਾਂ ਦੇ ਇਸ ਨੰਬਰ ਨੂੰ ਬਲੈਕਮੇਲਰ ਦਾ ਨੰਬਰ ਦੱਸਿਆ ਹੈ।
ਆਰੋਪੀ ਦੀ ਟਰੂਕਾਲਰ ਪ੍ਰੋਫਾਈਲ 'ਚ ਹੁਣ ਤੱਕ 55 ਲੋਕ ਉਸ ਨੂੰ ਸਕੈਮਰ ਕਹਿ ਚੁੱਕੇ ਹਨ, ਜਦਕਿ ਟਰੂਕਾਲਰ (Truecaller ) ਦੇ ਰਿਕਾਰਡ ਮੁਤਾਬਕ ਇਸ ਵਿਅਕਤੀ ਨੇ ਪਿਛਲੇ ਦੋ ਮਹੀਨਿਆਂ 'ਚ ਅਜਿਹੀਆਂ 135 ਕਾਲਾਂ ਕੀਤੀਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਦੇ ਸਮੇਂ ਵਿੱਚ ਕੀਤੀਆਂ ਗਈਆਂ ਹਨ। ਪੁਲਿਸ ਦੀ ਸਾਈਬਰ ਟੀਮ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਸ ਸਬੰਧੀ ਪੁਲਿਸ ਮੁਲਜ਼ਮਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪੁਲਿਸ ਵੱਲੋਂ ਇਸ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੀ ਹੈ ਟਰੂਕਾਲਰ (Truecaller )
ਇਹ ਐਂਡਰਾਇਡ ਅਤੇ ਆਈਫੋਨ ਲਈ ਇੱਕ ਕਾਲਿੰਗ ਅਤੇ ਮੈਸੇਜਿੰਗ ਐਪ ਹੈ। ਇਸ ਦੇ ਜ਼ਰੀਏ ਕੋਈ ਵੀ ਯੂਜ਼ਰ ਕਾਲ ਅਤੇ ਮੈਸੇਜ ਕਰ ਸਕਦਾ ਹੈ। ਨਾਲ ਹੀ ਇਸ ਐਪ ਰਾਹੀਂ ਕਿਸੇ ਵੀ ਮੋਬਾਈਲ ਨੰਬਰ ਦੇ ਉਪਭੋਗਤਾ ਦੀ ਪ੍ਰੋਫਾਈਲ ਜਿਵੇਂ ਕਿ ਉਸਦਾ ਨਾਮ, ਉਸਦਾ ਪੇਸ਼ਾ ਅਤੇ ਪਤਾ ਵੀ ਚੈੱਕ ਕੀਤਾ ਜਾ ਸਕਦਾ ਹੈ। ਇਸ ਐਪ ਦੁਆਰਾ ਆਪਣੇ ਦੂਜੇ ਉਪਭੋਗਤਾਵਾਂ ਦੀਆਂ ਟਿੱਪਣੀਆਂ ਦੇ ਅਧਾਰ 'ਤੇ ਇੱਕ ਨੰਬਰ ਨੂੰ ਘੁਟਾਲੇ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।