Mohali Police could get a major victory in the murder case of Youth Akali Dal leader Vicky Middukhera


ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਹੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਮੁਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲ ਸਕਦੀ ਹੈ। ਜਲਦ ਹੀ ਤਿੰਨ ਗੈਂਗਸਟਰ ਮੋਹਾਲੀ ਪੁਲਿਸ ਦੀ ਗ੍ਰਿਫ਼ਤ 'ਚ ਆਉਣਗੇ।


ਦੱਸ ਦਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਰੀਬ 12 ਬਦਨਾਮ ਗੈਂਗਸਟਰਾਂ ਨੂੰ ਫੜਿਆ, ਜੋ ਕਈ ਗੈਂਗਸ ਦੇ ਮੈਂਬਰ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚ ਦਵਿੰਦਰ ਬੰਬੀਹਾ ਗੈਂਗ ਵੀ ਸ਼ਾਮਲ ਹੈ। ਮੁਹਾਲੀ ਦੇ ਐਸਐਸਪੀ ਹਰਜੀਤ ਸਿੰਘ ਮੁਤਾਬਕ ਜਲਦੀ ਹੀ ਇਨ੍ਹਾਂ ਵਿੱਚੋਂ ਕੁਝ ਗੈਂਗਸਟਰਾਂ ਦੇ ਪ੍ਰੋਡਕਸ਼ਨ ਵਾਰੰਟ ਲਏ ਜਾਣਗੇ।


ਇਸ ਲਈ ਟੀਮ ਦਿੱਲੀ ਕੋਰਟ ਵਿੱਚ ਵੀ ਅਰਜ਼ੀ ਦੇਵੇਗੀ। ਵਿੱਕੀ ਮਿੱਡੂਖੇੜਾ ਦੀ ਪਿਛਲੇ ਸਾਲ ਅਗਸਤ ਵਿੱਚ ਮੋਹਾਲੀ ਦੇ ਸੈਕਟਰ 71 ਵਿੱਚ ਸ਼ਾਰਪ ਸ਼ੂਟਰਾਂ ਨੇ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕੀਤਾ ਸੀ। ਉਹ ਅਜੇ ਇੱਕ ਪ੍ਰਾਪਰਟੀ ਡੀਲਰ ਨੂੰ ਮਿਲਣ ਤੋਂ ਬਾਅਦ ਬਾਹਰ ਨਿਕਲਿਆ ਹੀ ਸੀ ਕਿ ਉਸ ਨੂੰ ਟਰੈਕ ਕਰ ਰਹੇ ਸ਼ੂਟਰਾਂ ਨੇ ਗੋਲੀਆਂ ਚਲਾ ਦਿੱਤੀਆਂ।


ਪੁਲਿਸ ਮੁਤਾਬਕ ਭੋਲੂ ਤੇ ਲੱਟਠ ਨੇ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਵੀ ਲਈ ਸੀ। ਹਾਲਾਂਕਿ, ਪੁਲਿਸ ਨੇ ਅੱਜ ਤੱਕ ਉਸ ਪੋਸਟ ਦੀ ਸੱਚਾਈ 'ਤੇ ਕੋਈ ਟਿੱਪਣੀ ਨਹੀਂ ਕੀਤੀ।


ਸੂਤਰਾਂ ਦੀ ਮੰਨੀਏ ਤਾਂ ਦਿੱਲੀ ਪੁਲਿਸ ਵੱਲੋਂ ਫੜੇ ਗਏ ਗੈਂਗਸਟਰਾਂ ਵਿੱਚ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਝੱਜਰ ਦਾ ਸੱਜਣ ਉਰਫ਼ ਭੋਲੂ, ਦਿੱਲੀ ਦਾ ਅਨਿਲ ਕੁਮਾਰ ਉਰਫ਼ ਲੱਟਠ ਤੇ ਕੁਰੂਕਸ਼ੇਤਰ ਦਾ ਅਜੈ ਉਰਫ਼ ਸੰਨੀ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਮੁਹਾਲੀ ਪੁਲਿਸ ਦੀ ਐਸਆਈਟੀ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ ਇਸ ਕਤਲ ਦੀ ਜਾਂਚ ਵਿੱਚ ਲੱਗੀ ਹੋਈ ਹੈ।


ਭੋਲੂ ਤੇ ਲੱਟਠ 'ਤੇ ਸੀ ਲੱਖਾਂ ਦਾ ਇਨਾਮ


ਸੱਜਣ ਉਰਫ਼ ਭੋਲੂ ਗੰਭੀਰ ਕਿਸਮ ਦਾ ਅਪਰਾਧੀ ਹੈ ਤੇ ਉਸ ਦਾ ਨਾਂ ਪਿਛਲੇ ਸਾਲ ਅੰਬਾਲਾ ਵਿੱਚ ਕਾਂਗਰਸ ਦੇ ਵਿਕਾਸ ਚੌਧਰੀ ਕਤਲ ਕਾਂਡ ਸਮੇਤ ਦੋਹਰੇ ਕਤਲਾਂ ਵਿੱਚ ਵੀ ਆਇਆ ਸੀ। ਪੁਲਿਸ ਨੇ ਉਸ 'ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।


ਹਰਿਆਣਾ ਪੁਲਿਸ ਨੇ ਦੂਜੇ ਦੋਸ਼ੀ ਅਨਿਲ ਕੁਮਾਰ ਲੱਟਠ 'ਤੇ ਡੇਢ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਉਹ ਕਈ ਅਪਰਾਧਿਕ ਮਾਮਲਿਆਂ ਵਿੱਚ ਭਗੌੜਾ ਵੀ ਸੀ ਤੇ ਭੋਲੂ ਦਾ ਸਾਥੀ ਸੀ। ਉਹ ਵਿਕਾਸ ਚੌਧਰੀ ਤੇ ਅੰਬਾਲਾ ਦੇ ਦੋਹਰੇ ਕਤਲਾਂ ਵਿੱਚ ਵੀ ਸ਼ਾਮਲ ਦੱਸਿਆ ਜਾਂਦਾ ਹੈ। ਅਜੈ ਉਰਫ ਸੰਨੀ ਵੀ ਇੱਕ ਬਦਮਾਸ਼ ਗੈਂਗਸਟਰ ਹੈ।


ਇਹ ਵੀ ਪੜ੍ਹੋ: Coronavirus Update 30th March: ਪਿਛਲੇ 24 ਘੰਟਿਆਂ 'ਚ ਨਵੇਂ ਕੋਰੋਨਾ ਕੇਸਾਂ ਵਿੱਚ 2 ਪ੍ਰਤੀਸ਼ਤ ਦੀ ਕਮੀ, ਦਰਜ ਕੀਤੇ ਗਏ ਸਿਰਫ 1233 ਕੋਰੋਨਾ ਕੇਸ