ਚੰਡੀਗੜ੍ਹ: ਬੀਤੇ ਦਿਨੀਂ ਨਾਭਾ ਦੀ ਨਵੀਂ ਜੇਲ੍ਹ ਵਿੱਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਕੀਤੀ ਪੰਜ ਮੈਂਬਰੀ SIT ਦੇ ਮੈਂਬਰ ਤੇ ਪਟਿਆਲਾ ਰੇਂਜ ਦੇ ਆਈਜੀ ਏਐਸ ਰਾਏ ਨੇ ਕਿਹਾ ਕਿ ਇਸ ਕਤਲ ਦੀ ਗੁੱਥੀ ਦੋ ਤਿੰਨ ਦਿਨਾਂ ਵਿੱਚ ਸੁਲਝਾ ਲਈ ਜਾਏਗੀ। ਇਹ ਵੀ ਸਾਹਮਣੇ ਆ ਜਾਏਗਾ ਕਿ ਇਸ ਵਿੱਚ ਕੌਣ-ਕੌਣ ਸ਼ਾਮਲ ਹੈ।

ਉਨ੍ਹਾਂ ਕਿਹਾ ਕਿਉਹ ਕੇਸ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਆਈਜੀ ਨੇ ਕਿਹਾ ਕਿ ਇਹ ਕੇਸ ਤਕਰੀਬਨ ਹੱਲ ਹੋ ਚੁੱਕਿਆ ਹੈ। ਦੋ-ਤਿੰਨ ਦਿਨਾਂ ਅੰਦਰ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾਏਗੀ।

SIT ਦੇ ਦੋ ਅਧਿਕਾਰੀਆਂ ਨੇ ਨਾਭਾ ਜੇਲ੍ਹ ਦਾ ਦੌਰਾ ਕੀਤਾ। ਇਸ ਵਿੱਚ ਪਟਿਆਲਾ ਰੇਂਜ ਦੇ ਆਈਜੀ ਏਐਸ ਰਾਏ ਤੇ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਸ਼ਾਮਲ ਸਨ। ਦੋਵਾਂ ਅਧਿਕਾਰੀਆਂ ਨੇ ਨਵੀਂ ਜੇਲ੍ਹ ਵਿੱਚ ਕਰੀਬ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਬਿਤਾਇਆ। ਇਸ ਦੌਰਾਨ ਉਨ੍ਹਾਂ ਜੇਲ੍ਹ ਅਧਿਕਾਰੀਆਂ ਤੇ ਕੈਦੀਆਂ ਕੋਲੋਂ ਪੁੱਛਗਿੱਛ ਕਰਕੇ ਛਾਣਬੀਣ ਕੀਤੀ।