ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਹਰ ਐਤਵਾਰ ਵੱਡੀ ਗਿਣਤੀ ਵਿੱਚ ਸਿੱਧੂ ਦੇ ਪ੍ਰਸੰਸਕ ਪਹੁੰਚਦੇ ਹਨ। ਅੱਜ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਲੋਕਾਂ ਨਾਲ ਰੂਬਰੂ ਹੁੰਦੇ ਹੋਏ ਜਿੱਥੇ ਲੋਕਾਂ ਦਾ ਮਿਲ ਰਹੇ ਪਿਆਰ ਲਈ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਲਾਰੈਂਸ ਬਿਸ਼ਨੋਈ ਦੇ ਵਕੀਲ ਵੱਲੋਂ ਖਤਰੇ ਵਿੱਚ ਦੱਸਣ ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ।
ਉਨ੍ਹਾਂ ਕਿਹਾ ਕਿ ਤੁਹਾਡੇ ਸਭ ਦੀਆਂ ਦੁਆਵਾਂ ਸਦਕਾ ਅੱਜ ਸਿੱਧੂ ਦੇ ਪਿਤਾ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਹਾਲੇ ਡਾਕਟਰਾਂ ਨੇ ਉਨ੍ਹਾਂ ਨੂੰ ਮਿਲਣ ਤੋਂ ਪ੍ਰਹੇਜ਼ ਕੀਤਾ ਹੈ, ਪਰ ਤੁਹਾਡਾ ਉਤਸ਼ਾਹ ਦੇਖ ਕੇ ਮਨ ਨੂੰ ਖੁਸ਼ੀ ਮਿਲਦੀ ਹੈ ਕਿ ਜੇਕਰ ਪਰਮਾਤਮਾ ਨੇ ਸਾਡੇ ਕੋਲੋਂ ਇੱਕ ਸਿੱਧੂ ਖੋਹਿਆ ਹੈ ਤਾਂ ਹਜ਼ਾਰਾਂ ਸਿੱਧੂ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਪੀਜੀਆਈ ਵਿੱਚ ਇਲਾਜ ਦੌਰਾਨ ਵੀ ਕੋਈ ਦਿੱਕਤ ਨਹੀਂ ਆਈ ਕਿਉਂਕਿ ਸਾਨੂੰ ਸਭ ਨੇ ਬਹੁਤ ਸਤਿਕਾਰ ਦਿੱਤਾ। ਉਨ੍ਹਾਂ ਕਿਹਾ ਕਿ ਪੈਸਾ ਤਾਂ ਦੁਨੀਆਂ ਕਮਾ ਲੈਂਦੀ ਹੈ, ਪਰ ਦੁਨੀਆਂ ਕਮਾਉਣੀ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜੋ ਕਮਾਈ ਸਾਡਾ ਪੁੱਤ ਕਰਕੇ ਗਿਆ ਹੈ, ਸਾਨੂੰ ਲੱਗਦਾ ਹੈ ਕਿ ਉਸ ਤੋਂ ਉੱਪਰ ਹੋਰ ਕੁਝ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਦੋਂ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਹੋਣੀ ਹੁੰਦੀ ਹੈ ਤਾਂ ਵਕੀਲ ਪਹਿਲਾਂ ਹੀ ਰੌਲਾ ਪਾ ਲੈਂਦੇ ਹਨ ਕਿ ਉਸ ਦੀ ਜਾਨ ਨੂੰ ਖਤਰਾ ਹੈ, ਪਰ ਹੋਇਆ ਕੁਝ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕੁਝ ਨਹੀਂ ਹੁੰਦਾ, ਜਦਕਿ ਨੁਕਸਾਨ ਸਾਡੇ ਵਰਗੇ ਲੋਕਾਂ ਦਾ ਹੁੰਦਾ ਹੈ, ਜੋ ਆਪਣੀ ਤਰੱਕੀ ਆਪ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਨੂੰ ਹੇਠਾਂ ਤੋਂ ਹੀ ਨਾ ਪੈਦਾ ਹੋਣ ਦੇਈਏ ਤਾਂ ਕਿ ਇਹ ਅੱਗੇ ਚੱਲ ਕੇ ਵੱਡੇ ਗੈਂਗਸਟਰ ਬਣਨ, ਇਸ ਲਈ ਸਾਨੂੰ ਆਪਣੀ ਲੜਾਈ ਖੁਦ ਲੜਨੀ ਪਵੇਗੀ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।