ਚੰਡੀਗੜ੍ਹ: ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਅਜੇ ਬੁਰਾ ਹਾਲ ਹੈ। ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਲਈ ਅਹਿਮ ਕਦਮ ਚੁੱਕੇ ਜਾਣ ਦੇ ਦਾਅਵਾ ਕਰ ਰਹੀ ਹੈ ਪਰ ਪੇਂਡੂ ਇਲਾਕਿਆਂ ਅੰਦਰ ਸਕੂਲਾਂ ਦੀ ਹਾਲਤ ਬੇਹੱਦ ਖਸਤਾ ਹੈ। ਬਹੁਤ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ। ਸੈਂਕੜੇ ਸਕੂਲ ਪ੍ਰਿੰਸੀਪਲਾਂ ਤੋਂ ਵਾਂਝੇ ਹਨ।
ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਦੀ ਗਾਰੰਟੀ ਦਿੱਤੀ ਗਈ ਸੀ ਪਰ ਸੱਤਾ ਹਾਸਲ ਕਰਨ ਤੋਂ ਬਾਅਦ ਰਾਜ ਸਰਕਾਰ ਨੇ ਸਕੂਲੀ ਸਿੱਖਿਆ ਦੇ ਸੁਧਾਰ ਵੱਲ ਠੋਸ ਕਦਮ ਨਾ ਚੁੱਕੇ ਜਿਸ ਕਾਰਨ ਜ਼ਿਆਦਾਤਰ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਹਨ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸਰਪ੍ਰਸਤ ਹਾਕਮ ਸਿੰਘ ਵਾਲੀਆ, ਸਲਾਹਕਾਰ ਸੁਖਦੇਵ ਸਿੰਘ ਰਾਣਾ ਤੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਸਿੱਖਿਆ ਭਵਨ ਵਿੱਚ ਡਾਇਰੈਕਟਰ, ਡਿਪਟੀ ਡਾਇਰੈਕਟਰ ਤੇ ਜੁਆਇੰਟ ਡਾਇਰੈਕਟਰਾਂ, ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਵਾਧੂ ਚਾਰਜ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ।
ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ 9 ਸਕੂਲ, ਹੁਸ਼ਿਆਰਪੁਰ ਦੇ 35, ਜਲੰਧਰ ਦੇ 34, ਕਪੂਰਥਲਾ ਦੇ 28, ਗੁਰਦਾਸਪੁਰ ਦੇ 33, ਫਿਰੋਜ਼ਪੁਰ ਦੇ 25, ਲੁਧਿਆਣਾ ਦੇ 30 ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹਨ। ਬਠਿੰਡਾ ਦੇ 45, ਫ਼ਰੀਦਕੋਟ ਦੇ 15, ਫ਼ਤਹਿਗੜ੍ਹ ਦੇ 6, ਫਾਜ਼ਿਲਕਾ ਦੇ 13, ਬਰਨਾਲਾ ਦੇ 23, ਮਾਨਸਾ ਦੇ 31, ਮਾਲੇਰਕੋਟਲਾ ਦੇ 7, ਮੋਗਾ ਦੇ 44, ਮੁਕਤਸਰ ਦੇ 13, ਪਠਾਨਕੋਟ ਦੇ 8, ਪਟਿਆਲਾ ਦੇ 13, ਤਰਨ ਤਾਰਨ ਦੇ 35, ਸੰਗਰੂਰ ਦੇ 30 ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹਨ।
ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਤੇ ਅਵਤਾਰ ਸਿੰਘ ਰੂਪਨਗਰ ਨੇ ਕਿਹਾ ਕਿ ਨਵਾਂ ਸ਼ਹਿਰ ਦੇ 29 ਤੇ ਰੂਪਨਗਰ ਦੇ ਇਕ ਸਕੂਲ ਵਿੱਚ ਪ੍ਰਿੰਸੀਪਲ ਨਹੀਂ। ਡੀਪੀਆਈ (ਸੈਕੰਡਰੀ) ਕੁਲਜੀਤ ਪਾਲ ਸਿੰਘ ਮਾਹੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਪਰ ਅਦਾਲਤੀ ਕੇਸਾਂ ਕਾਰਨ ਕੁਝ ਦਿੱਕਤਾਂ ਆ ਰਹੀਆਂ ਹਨ। ਸਿੱਖਿਆ ਵਿਭਾਗ ਵੱਲੋਂ 229 ਪ੍ਰਿੰਸੀਪਲਾਂ ਦੀ ਨਵੀਂ ਭਰਤੀ ਪ੍ਰਕਿਰਿਆ ਜਾਰੀ ਹੈ।