Muktsar Police News: ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੇ ਫਿਲਿੰਗ ਸਟੇਸ਼ਨ ਲੱਖੇਵਾਲੀ ਤੋਂ 3 ਲੱਖ ਰੁਪਏ ਲੁੱਟਣ ਵਾਲੇ ਗਰੋਹ ਦੇ ਸਰਗਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ 4 ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। ਐਸਐਸਪੀ ਮੁਕਤਸਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਇੱਕ ਲੁਟੇਰੇ ਨੂੰ ਕਾਬੂ ਕੀਤਾ ਗਿਆ ਹੈ। ਉਹ ਗਰੋਹ ਦਾ ਮੁਖੀ ਹੈ। ਉਸ ਖ਼ਿਲਾਫ਼ ਪਹਿਲਾਂ ਹੀ 6 ਕੇਸ ਦਰਜ ਹਨ। ਇੱਕ ਕੇਸ ਵਿੱਚ ਉਹ ਭਗੌੜਾ ਸੀ।



ਐਸਐਸਪੀ ਅਨੁਸਾਰ 3 ਮਈ ਨੂੰ ਜਸਕਰਨ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਲੱਖੇਵਾਲੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) ਨੰਦਗੜ੍ਹ ਰੋਡ ਲੱਖੇਵਾਲੀ ਵਿਖੇ ਹੈ। 2 ਮਈ ਨੂੰ ਰਾਤ ਕਰੀਬ 9 ਵਜੇ ਪੈਟਰੋਲ ਪੰਪ 'ਤੇ ਦੋ ਬਾਈਕ 'ਤੇ ਨੌਜਵਾਨ ਮੂੰਹ ਢਕੇ ਆਏ ਸਨ।  ਉਨ੍ਹਾਂ ਨੇ ਪੈਟਰੋਲ ਪੰਪ ਦੇ ਮੈਨੇਜਰ ਤੇ ਵਰਕਰਾਂ ਦੀ ਤੇਜ਼ਧਾਰਾਂ ਨਾਲ ਹਮਲਾ ਕਰਕੇ 3 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਸਨ।

ਇੰਚਾਰਜ ਸੀ.ਆਈ.ਏ ਸਟਾਫ਼ ਕਰਮਜੀਤ ਸਿੰਘ, ਐਸ.ਆਈ ਰਮਨ ਕੁਮਾਰ, ਐਸ.ਐਚ.ਓ ਥਾਣਾ ਲੱਖੇਵਾਲੀ, ਗੁਰਮੀਤ ਸਿੰਘ ਇੰਚਾਰਜ ਸਪੈਸ਼ਲ ਸਟਾਫ਼ ਤੇ ਐਸਆਈ ਰਵਿੰਦਰ ਕੌਰ ਇੰਚਾਰਜ ਟੈਕਨੀਕਲ ਸੈੱਲ ਨੇ ਸੀ.ਸੀ.ਟੀ.ਵੀ ਕੈਮਰਿਆਂ, ਤਕਨੀਕੀ ਖ਼ੁਫ਼ੀਆ ਸੂਤਰਾਂ ਦੀ ਮਦਦ ਨਾਲ ਘਟਨਾ ਨੂੰ ਟਰੇਸ ਕਰਕੇ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ। ਇਨ੍ਹਾਂ ਮੁਲਜ਼ਮਾਂ ਦੀ ਲੋਕੇਸ਼ਨ ਵੀ ਟਰੇਸ ਕੀਤੀ ਗਈ।

ਮੁਲਜ਼ਮ ਪ੍ਰਿੰਸਪਾਲ ਉਰਫ਼ ਪ੍ਰਿੰਸ ਪੁੱਤਰ ਜਸਵੰਤ ਸਿੰਘ ਵਾਸੀ ਲੱਖੇਵਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੇ ਮੰਨਿਆ ਹੈ ਕਿ ਉਸ ਨੇ ਆਪਣੇ ਸਾਥੀਆਂ ਪਰਮਜੀਤ ਸਿੰਘ ਉਰਫ਼ ਬਾਬਾ ਪੁੱਤਰ ਗੁਰਜੰਟ ਸਿੰਘ ਵਾਸੀ ਲੱਖੇਵਾਲੀ, ਜਤਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਗੁਰੂਹਰਸਹਾਏ, ਮੇਹਰ ਸਿੰਘ ਉਰਫ਼ ਗੁਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਫ਼ਿਰੋਜ਼ਪੁਰ ਕੈਂਟ ਤੇ ਗੁਰਜੰਟ ਸਿੰਘ ਉਰਫ਼ ਜਸ਼ਨ ਪੁੱਤਰ ਬਲਬੀਰ ਸਿੰਘ ਵਾਸੀ ਲੱਖੇਵਾਲੀ ਬਹਿਰਾਮਪੁਰ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਐਸਐਸਪੀ ਮੁਕਤਸਰ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸਪਾਲ ਕੋਲੋਂ ਇੱਕ ਬਾਈਕ ਬਰਾਮਦ ਹੋਈ ਹੈ, ਜੋ ਉਸ ਨੇ ਵਾਰਦਾਤ ’ਚ ਵਰਤੀ ਸੀ। ਉਸ ਨੇ ਵਾਰਦਾਤ ਵਿੱਚ ਇੱਕ ਦੇਸੀ ਪਿਸਤੌਲ ਦੀ ਵੀ ਵਰਤੋਂ ਕੀਤੀ ਸੀ, ਜਿਸ ’ਤੇ ਪੁਲੀਸ ਨੇ ਕੇਸ ਵਿੱਚ ਧਾਰਾ 25/54/59 ਅਸਲਾ ਐਕਟ ਅਤੇ 120ਬੀ ਵੀ ਸ਼ਾਮਲ ਕਰ ਦਿੱਤੀ ਹੈ।ਐਸਐਸਪੀ ਗਿੱਲ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸਪਾਲ ਉਰਫ਼ ਪ੍ਰਿੰਸ ਇਸ ਵਾਰਦਾਤ ਦਾ ਮਾਸਟਰ ਮਾਈਂਡ ਹੈ। ਪ੍ਰਿੰਸ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ, ਜਿਨ੍ਹਾਂ ਵਿੱਚ ਇੱਕ ਕੇਸ ਥਾਣਾ ਧਰਮਕੋਟ ਮੋਗਾ ਵਿੱਚ ਦਰਜ ਹੈ, ਜਿਸ ਵਿੱਚ ਉਸ ਨੇ ਕਿਸ਼ਤ ਵਸੂਲਣ ਵਾਲੇ ਤੋਂ 22 ਹਜ਼ਾਰ ਰੁਪਏ ਲੁੱਟ ਲਏ ਸਨ। ਥਾਣਾ ਲੱਖੋ ਕੇ ਬਹਿਰਾਮਪੁਰ 'ਚ ਮਾਮਲਾ ਦਰਜ ਹੈ, ਜਿਸ 'ਚ ਉਸ ਨੇ ਪੈਟਰੋਲ ਪੰਪ ਤੋਂ 44 ਹਜ਼ਾਰ ਰੁਪਏ ਲੁੱਟ ਲਏ ਸਨ।

ਉਸ ਨੇ ਇਕ ਫਾਈਨਾਂਸਰ ਤੋਂ 3 ਲੱਖ 80 ਹਜ਼ਾਰ ਰੁਪਏ ਲੁੱਟ ਲਏ, ਜਿਸ 'ਚ ਥਾਣਾ ਸਿਟੀ ਕਪੂਰਥਲਾ 'ਚ ਮਾਮਲਾ ਦਰਜ ਹੈ। ਇੱਕ ਹੋਰ ਮਾਮਲਾ ਥਾਣਾ ਸਿਟੀ ਮੁਕਤਸਰ ਵਿੱਚ ਦਰਜ ਹੈ, ਜਿਸ ਵਿੱਚ ਉਸ ਨੇ ਵਿਚੋਲੇ ਤੋਂ ਇੱਕ ਲੱਖ ਰੁਪਏ ਤੋਂ ਵੱਧ ਦੀ ਲੁੱਟ ਕੀਤੀ ਸੀ। ਇਹ ਮਾਮਲਾ 16 ਮਈ 2023 ਨੂੰ ਦਰਜ ਕੀਤਾ ਗਿਆ ਸੀ। ਸਾਲ 2021 ਵਿੱਚ ਮੱਛੀ ਮੰਡੀ ਫਿਰੋਜ਼ਪੁਰ ਸ਼ਹਿਰ ਦੇ ਇੱਕ ਪੈਟਰੋਲ ਪੰਪ ਤੋਂ 1300 ਰੁਪਏ ਲੁੱਟੇ ਗਏ ਸਨ। ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਖਲਚੀਆਂ ਤੋਂ ਕਿਸ਼ਤ ਵਸੂਲਣ ਵਾਲੇ ਕੋਲੋਂ 13 ਹਜ਼ਾਰ ਰੁਪਏ ਲੁੱਟੇ ਸਨ।