ਦੁਸਹਿਰਾ ਮੇਲੇ ਦੇ ਪ੍ਰਬੰਧਕ ਸੌਰਵ ਮਦਾਨ ਮਿੱਠੂ ਨੂੰ ਆਪਣੇ ਘਰ ਰੱਖਣ ਦੇ ਸਵਾਲ ਬਾਰੇ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਦੇ ਘਰ ਤਸਕਰ ਸੱਤਾ ਤੇ ਪਿੰਦੀ ਵਰਗੇ ਰਹਿੰਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕਿਸੇ ਦੀ ਮਦਦ ਨਹੀਂ ਕਰ ਰਹੇ। ਮੁੱਖ ਮੰਤਰੀ ਵੱਲੋਂ ਜੋ ਨਿਆਇਕ ਜਾਂਚ ਕਰਵਾਈ ਜਾ ਰਹੀ ਹੈ, ਉਸ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਦੁੱਧ ਦੇ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਅਕਾਲੀ ਲੀਡਰ ਮਨਜਿੰਦਰ ਸਿਰਸਾ ਵੱਲੋਂ ਅਹੁਦਾ ਛੱਡੇ ਜਾਣ ਬਾਰੇ ਬਿਕਰਮ ਮਜੀਠੀਆ ਨੂੰ ਨਿਸ਼ਾਨਾ ਬਣਾਉਂਦਿਆਂ ਸਿੱਧੂ ਨੇ ਕਿਹਾ ਕਿ ਪਹਿਲਾਂ ਸੀਨੀਅਰ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਵਰਗੇ ਲੀਡਰ ਬਾਗੀ ਹੋ ਗਏ ਹਨ। ਹੁਣ ਦਿੱਲੀ ਵਾਲੇ ਵੀ ਇਨ੍ਹਾਂ ਤੋਂ ਅੱਕ ਗਏ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਿਰਫ ਤੇ ਸਿਰਫ ਬਿਕਰਮ ਮਜੀਠੀਆ ਜ਼ਿੰਮੇਵਾਰ ਹੈ। ਅਕਾਲੀ ਦਲ ਜੀਜਾ-ਸਾਲਾ ਲਿਮਟਿਡ ਪਾਰਟੀ ਬਣ ਕੇ ਰਹਿ ਜਾਵੇਗੀ ਤੇ ਅਕਾਲੀ ਦਲ ਖਾਲੀ ਦਲ ਹੋ ਜਾਵੇਗਾ।
ਨਵਜੋਤ ਸਿੱਧੂ ਨੇ ਕਿਹਾ ਕਿ ਪੀੜਤਾਂ ਦੀ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਇਨ੍ਹਾਂ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਵੇਗੀ ਤੇ ਜੋ ਰਹਿ ਜਾਣਗੇ, ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਦਾ ਪਰਿਵਾਰ ਵੀ ਸੂਚੀਆਂ ਬਣਾ ਰਿਹਾ ਹੈ। ਇਸ ਦਰਦਨਾਕ ਹਾਦਸੇ ਵਿੱਚ ਜਿੰਨੀ ਸੰਭਵ ਮਦਦ ਹੋ ਸਕੇਗੀ, ਉਹ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਕਰਨਗੇ ਭਾਵੇਂ ਆਪਣਾ ਘਰ ਉਨ੍ਹਾਂ ਨੂੰ ਗਿਰਵੀ ਰੱਖਣਾ ਪਵੇ, ਉਹ ਪੀੜਤਾਂ ਦੀ ਮਦਦ ਕਰਨਗੇ।