ਅੰਮ੍ਰਿਤਸਰ: ਸਥਾਨਕ ਸਰਕਾਰਾਂ ਮਹਿਕਮੇ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਉਪਲਬਧੀ ਸਿਰਫ ਇੱਕੋ ਹੀ ਹੈ ਕਿ ਉਹ ਸੁਖਬੀਰ ਦਾ ਰਿਸ਼ਤੇਦਾਰ ਹੈ। ਇਸੇ ਕਰਕੇ ਹੀ ਕਈ ਟਕਸਾਲੀ ਅਕਾਲੀਆਂ ਨੂੰ ਅੱਜ ਆਪਣੇ ਘਰਾਂ ਵਿੱਚ ਬੈਠਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।


'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਵਿੱਚ ਸਿੱਧੂ ਨੇ ਕਿਹਾ ਕਿ ਗੁਰਦਾਸਪੁਰ ਦੀ ਚੋਣ ਕਾਂਗਰਸ ਹੀ ਜਿੱਤੇਗੀ। ਉਨ੍ਹਾਂ ਵਿਰੋਧੀਆਂ ਵੱਲੋਂ ਜਾਖੜ ਨੂੰ ਬਾਹਰੀ ਉਮੀਦਵਾਰ ਕਹਿਣ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਵੀ ਪਟਿਆਲਾ ਤੋਂ ਆ ਕੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਬਣੇ ਸਨ। ਉਨ੍ਹਾਂ ਕਿਹਾ ਕਿ ਬੀਜੇਪੀ ਉਮੀਦਵਾਰ ਸਲਾਰੀਆ ਤਾਂ ਖੁਦ ਮੁੰਬਈ ਤੋਂ ਇੱਥੇ ਆਇਆ ਹੈ। ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਦੀ ਵਾਇਰਲ ਹੋਈ ਵੀਡੀਓ ਬਾਰੇ ਸਿੱਧੂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਲੰਗਾਹ ਦੀ ਵੀਡੀਓ ਦੀ ਟੀਆਰਪੀ ਨੇ ਰਿਕਾਰਡ ਤੋੜ ਦਿੱਤੇ ਹਨ।

ਉਨ੍ਹਾਂ ਸੁਖਬੀਰ ਬਾਦਲ ਨੂੰ ਇੱਕ ਵਾਰ ਫਿਰ ਸੁੱਖਾ ਗੱਪੀ ਕਿਹਾ ਤੇ ਸੁਖਬੀਰ 'ਤੇ ਅਕਾਲੀ ਦਲ ਨੂੰ ਕਾਰਪੋਰੇਟ ਲਿਮਟਿਡ ਕੰਪਨੀ ਬਣਾਉਣ ਦਾ ਇਲਜ਼ਾਮ ਲਾਇਆ। ਸਿੱਧੂ ਨੇ ਕਿਹਾ ਕਿ ਉਹ ਪਹਿਲਾਂ ਕ੍ਰਿਕਟ ਦੇ ਮੈਦਾਨ ਵਿੱਚ ਆਪਣੇ ਦਮ 'ਤੇ ਪੂਰੀ ਦੁਨੀਆ ਵਿੱਚ ਨਾਮ ਬਣਾ ਚੁੱਕੇ ਹਨ ਤੇ ਰਾਜਨੀਤੀ ਵਿੱਚ ਵੀ ਆਪਣੇ ਦਮ 'ਤੇ ਹੀ ਜਿੱਤਦੇ ਰਹੇ ਹਨ। ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਇਹ ਕਿਹ ਚੁੱਕੇ ਹਨ ਕਿ ਸਿੱਧੂ ਨੂੰ ਸਾਂਸਦ ਬਣਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਮਾਝੇ ਵਿੱਚ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਲਈ ਵੀ ਬਿਕਰਮ ਮਜੀਠੀਆ ਹੀ ਜ਼ਿਮੇਵਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਅੰਮ੍ਰਿਤਸਰ ਦੇ ਸਾਂਸਦ ਸੀ ਤਾਂ ਅਰੁਣ ਜੇਤਲੀ ਦੀ ਗੱਡੀ ਉਹ ਡਰਾਈਵ ਕਰਦੇ ਸੀ ਪਰ ਬਾਅਦ ਵਿੱਚ ਮਜੀਠੀਆ ਨੇ ਇਹ ਡਿਊਟੀ ਸਾਂਭ ਲਈ ਸੀ। ਉਸ ਦਾ ਹੀ ਨਤੀਜਾ ਸੀ ਕਿ ਜੇਤਲੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਿੱਧੂ ਨੇ ਇਲਜ਼ਾਮ ਲਾਇਆ ਕਿ ਅਕਾਲੀ ਉਨ੍ਹਾਂ ਨੂੰ ਪੰਜਾਬ ਤੋਂ ਦੂਰ ਕਰਨਾ ਚਾਹੁੰਦੇ ਸੀ ਪਰ ਸਿੱਧੂ ਨੇ ਅਮ੍ਰਿਤਸਰ ਤੋਂ ਨਾ ਜਾਣ ਦੇ ਫੈਸਲੇ ਦੇ ਚੱਲਦਿਆਂ ਹੀ ਇਨ੍ਹਾਂ ਤੋਂ ਦੂਰ ਹੋਣ ਦਾ ਫੈਸਲਾ ਕੀਤਾ ਸੀ।