ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਅੰਮ੍ਰਿਤਸਰ ਪੱਛਮ ਨਾਲ ਸਬੰਧਤ ਦਰਜਨ ਦੇ ਕਰੀਬ ਕੌਂਸਲਰ ਅੱਜ ਸਿੱਧੂ ਜੋੜੇ ਦੇ ਹੱਕ ਵਿੱਚ ਨਿੱਤਰੇ। ਕੌਂਸਲਰਾਂ ਨੇ ਕਿਹਾ ਕਿ ਰੇਲ ਹਾਦਸੇ ਵਿੱਚ ਮਾਰੇ ਗਏ ਬੇਦੋਸ਼ਿਆਂ ’ਤੇ ਸਿਆਸਤ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸਤ ਕਰਨ ਦੀ ਬਜਾਏ ਵਿਰੋਧੀ ਧਿਰ ਦੇ ਆਗੂਆਂ ਨੂੰ ਪੀੜਤਾਂ ਦੇ ਘਰ ਜਾ ਕੇ ਉਨ੍ਹਾਂ ਦੀ ਸਾਰ ਲੈਣੀ ਚਾਹੀਦੀ ਹੈ।

ਸਿੱਧੂ ਦੇ ਹਲਕੇ ਦੇ ਕੌਂਸਲਰਾਂ ਨੇ ਵੀਡੀਓ ਪੇਸ਼ ਕੀਤੀ, ਜਿਸ ਵਿੱਚ ਰੇਲ ਹਾਦਸੇ ਦਾ ਪੀੜਤ ਲਖਬੀਰ ਸਿੰਘ, ਜਿਸ ਨੂੰ ਬਿਕਰਮ ਮਜੀਠੀਆ ਆਪਣੇ ਨਾਲ ਮੋਹਕਮਪੁਰਾ ਥਾਣੇ ਲੈ ਕੇ ਗਏ ਸਨ, ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਹਾਦਸੇ ਵਾਲੇ ਦਿਨ ਉਸ ਦੇ ਬਿਆਨ ਕੁਝ ਹੋਰ ਸਨ।

ਇਸ ਤੋਂ ਇਲਾਵਾ ਇੱਕ ਕੌਂਸਲਰ ਨੇ ਤਸਵੀਰਾਂ ਵੀ ਜਾਰੀ ਕੀਤੀਆਂ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਵੱਡੀ ਸਕਰੀਨ ਵਾਲੀਆਂ LED ਰੇਲਵੇ ਟਰੈਕ ਵਾਲੇ ਪਾਸੇ ਨਹੀਂ, ਬਲਕਿ ਸਟੇਜ ਦੇ ਪਿਛਲੇ ਪਾਸੇ ਲਾਈਆਂ ਗਈਆਂ ਸਨ। ਇਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਇਹ ਰੇਲ ਵਾਲੇ ਪਾਸੇ ਲਾਈਆਂ ਗਈਆਂ ਸਨ।

ਕੌਂਸਲਰਾਂ ਨੇ ਇਲਜ਼ਾਮ ਲਾਇਆ ਕਿ ਲਖਬੀਰ ਸਿੰਘ ਕਿਸੇ ਦਬਾਅ ਹੇਠ ਆਇਆ ਹੋਇਆ ਹੈ। ਇਸ ਮੌਕੇ ਉਨ੍ਹਾਂ ਅਕਾਲੀ ਦਲ ਤੇ ਬੀਜੇਪੀ ਵੱਲੋਂ ਕੀਤੀ ਜਾ ਰਹੀ ਸਿਆਸਤ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।