ਚੰਡੀਗੜ੍ਹ: ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਾਂਗਰਸ ਨਹੀਂ ਛੱਢਣਗੇ ਤੇ ਨਾ ਹੀ ਕਾਂਗਰਸ ਦਾ ਅਕਸ ਖਰਾਬ ਹੋਣ ਦੇਣਗੇ। ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਮੁੱਖ ਮੰਤਰੀ ਚੰਨੀ ਤੇ ਹਾਈਕਮਾਨ ਤੋਂ ਆਪਣੀ ਗੱਲ ਮੁੜ ਮਨਵਾਉਣ ਵਿੱਚ ਕਾਮਯਾਬ ਰਹੇ ਹਨ।
ਦਰਅਸਲ ਨਵਜੋਤ ਸਿੱਧੂ ਦੇ ਅਸਤੀਫੇ ਮਗਰੋਂ ਬੇਸ਼ੱਕ ਪਾਰਟੀ ਦੇ ਅੰਦਰੋਂ ਤੇ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ ਦੀ ਅਲੋਚਨਾ ਹੋ ਰਹੀ ਹੈ ਪਰ ਆਮ ਲੋਕ ਉਨ੍ਹਾਂ ਦੇ ਸਟੈਂਡ ਦੀ ਸ਼ਲਾਘਾ ਵੀ ਕਰ ਰਹੇ ਹਨ। ਉਨ੍ਹਾਂ ਹਾਈਕਮਾਨ ਸਾਹਮਣੇ ਵੀ ਆਪਣੇ ਸਟੈਂਡ ਬਾਰੇ ਸਪਸ਼ਟ ਕੀਤਾ ਹੈ ਕਿ ਉਸ ਸਿਰਫ ਗਲਤ ਫੈਸਲਿਆਂ ਦਾ ਵਿਰੋਧ ਕਰ ਰਹੇ ਹਨ ਜਿਨ੍ਹਾਂ ਦਾ ਚੋਣਾਂ ਦੌਰਾਨ ਕਾਂਗਰਸ ਨੂੰ ਜਵਾਬ ਦੇਣਾ ਔਖਾ ਹੋ ਜਾਏਗਾ।
ਨਵਜੋਤ ਸਿੱਧੂ ਦੇ ਸਭ ਤੋਂ ਵੱਡੇ ਦੋ ਇਤਰਾਜ਼ ਡੀਜੀਪੀ ਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਬਾਰੇ ਹਨ। ਇਸ ਬਾਰੇ ਵੀਰਵਾਰ ਨੂੰ ਕਰੀਬ ਦੋ ਘੰਟੇ ਚੱਲੀ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੈ। ਭਾਵੇਂ ਫੌਰੀ ਤੌਰ ’ਤੇ ਸਿੱਧੂ ਵੱਲੋਂ ਨਿਯੁਕਤੀਆਂ ਬਾਰੇ ਉਠਾਏ ਸੁਆਲ ਹੱਲ ਨਹੀਂ ਹੋਏ, ਪਰ ਮੀਟਿੰਗ ਵਿੱਚ ਤਿੰਨ ਮੈਂਬਰੀ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਹੋਇਆ ਹੈ, ਜੋ ਇਨ੍ਹਾਂ ਨਿਯੁਕਤੀਆਂ ਸਮੇਤ ਭਵਿੱਖ ’ਚ ਉੱਠਣ ਵਾਲੇ ਮਾਮਲਿਆਂ ਬਾਰੇ ਫੈਸਲਾ ਕਰੇਗੀ। ਪੰਜਾਬ ਸਰਕਾਰ ਨੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ 10 ਮੈਂਬਰੀ ਪੈਨਲ ਯੂਪੀਐਸਸੀ ਨੂੰ ਭੇਜ ਦਿੱਤਾ ਹੈ।
ਸੂਤਰਾਂ ਮੁਤਾਬਕ ਤਾਲਮੇਲ ਕਮੇਟੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼ਾਮਲ ਹੋਣਗੇ, ਜੋ ਪਾਰਟੀ ਤੇ ਸਰਕਾਰ ਦਰਮਿਆਨ ਤਾਲਮੇਲ ਰੱਖਣ ਲਈ ਭਵਿੱਖ ’ਚ ਵੀ ਕੰਮ ਕਰਨਗੇ। ਇਸ ਤੋਂ ਸਾਫ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਹੁਦੇ ’ਤੇ ਬਣੇ ਰਹਿਣਗੇ।
ਸੂਤਰਾਂ ਅਨੁਸਾਰ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਬਦਲਣ ਦਾ ਫੈਸਲਾ ਸਿਧਾਂਤਕ ਤੌਰ ’ਤੇ ਹੋ ਗਿਆ ਹੈ। ਇਸੇ ਤਰ੍ਹਾਂ ਐਡਵੋਕੇਟ ਜਨਰਲ ਅਮਰਪ੍ਰੀਤ ਸਿੰਘ ਦਿਉਲ ਨੂੰ ਵੀ ਤਬਦੀਲ ਕੀਤਾ ਜਾ ਸਕਦਾ ਹੈ, ਪਰ ਇਸ ਬਾਰੇ ਸਪੱਸ਼ਟ ਪਤਾ ਨਹੀਂ ਲੱਗ ਸਕਿਆ। ਯਾਦ ਰਹੇ ਸਿੱਧੂ ਨੇ ਅਸਤੀਫਾ ਦੇਣ ਪਿੱਛੇ ਡੀਜੀਪੀ ਤੇ ਐਡਵੋਕੇਟ ਜਨਰਲ ਦੀ ਨਿਯੁਕਤੀ ’ਤੇ ਇਤਰਾਜ਼ ਖੜ੍ਹੇ ਕੀਤੇ ਸਨ।
ਡੀਜੀਪੀ ਸਹੋਤਾ ਦੇ ਬਰਗਾੜੀ ਮਾਮਲੇ ਵਿਚ ਬਣੀ ਪਹਿਲੀ ‘ਸਿੱਟ’ ਦੀ ਅਗਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਸੀ, ਜਿਸ ਵਿੱਚ ਦੋ ਨਿਹੱਥੇ ਨੌਜਵਾਨਾਂ ਨਾਲ ਜ਼ਿਆਦਤੀ ਹੋਈ ਸੀ। ਸਿੱਧੂ ਨੇ ਐਡਵੋਕੇਟ ਜਨਰਲ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਵਕੀਲ ਹੋਣ ਦੀ ਗੱਲ ਆਖੀ ਸੀ। ਸਿੱਧੂ ਨੇ ਵਜ਼ਾਰਤ ਵਿਚ ਦਾਗ਼ੀ ਵਜ਼ੀਰਾਂ ਦੀ ਸ਼ਮੂਲੀਅਤ ਦੀ ਗੱਲ ਵੀ ਰੱਖੀ ਸੀ।