Nawanshahr News : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਿੰਡ ਮਿਰਜਾਪੁਰ ਦਾ ਦੌਰਾ ਕੀਤਾ ਅਤੇ ਦਰਿਆ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਅਤੇ ਨਿਕਾਸੀ ਸਬੰਧੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਅਤੇ ਐਸ.ਡੀ.ਐਮ. ਸ਼ਿਵਰਾਜ ਸਿੰਘ ਬੱਲ ਵੀ ਮੌਜੂਦ ਸਨ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਮਿਰਜਾਪੁਰ ਨਾਲ ਲੱਗਦੇ ਦਰਿਆ ਦੇ ਵਿੱਚ ਪਹਿਲਾਂ ਤੋਂ ਬਣਾਏ ਗਏ ਪੱਥਰਾਂ ਵਾਲੇ ਸਟੱਡ/ਬੰਨ ਦੇ ਨਾਲ ਤੇਜੀ ਨਾਲ ਪਾਣੀ ਟਕਰਾ ਰਿਹਾ ਹੈ। ਇਸ ਦੇ ਕਾਰਨ ਪਾਣੀ ਦੀ ਗਤੀ ਤਾਂ ਘੱਟ ਹੋ ਜਾਂਦੀ ਹੈ ਪਰ ਨਾਲ ਦੀ ਨਾਲ ਸਟੱਡ ‘ਤੇ ਵੀ ਜ਼ੋਰ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਹਿਰਾਂ ਦੀ ਸਲਾਹ ਅਨੁਸਾਰ ਇਸ ਸਟੱਡ ਨੂੰ ਖੁੱਲਾ ਕਰਕੇ ਪਾਣੀ ਨਿਕਾਸੀ ਦੀ ਗਤੀ ਨੂੰ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪਾਣੀ ਬਿਨ੍ਹਾਂ ਕਿਸੇ ਰੁਕਾਵਟ ਦੇ ਆਪਣੀ ਦਿਸ਼ਾ ਵੱਲ ਵੱਧ ਸਕੇ। ਉਨ੍ਹਾਂ ਦੱਸਿਆ ਕਿ ਇਸ ਸਟੱਡ ਦੇ ਨਾਲ-ਨਾਲ ਬਣੇ ਬੰਨ ਨੂੰ ਵੀ ਮਿੱਟੀ ਦੀਆਂ ਬੋਰੀਆਂ ਅਤੇ ਜਾਲ ਦੀ ਸਹਾਇਤਾ ਨਾਲ ਹੋ ਵੀ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਜੇਕਰ ਦਰਿਆ ਵਿੱਚ ਪਾਣੀ ਦੀ ਮਾਤਰਾ ਵੱਧਦੀ ਹੈ ਤਾਂ ਬੰਨ ਦੀ ਮਜਬੂਤੀ ਨੂੰ ਕੋਈ ਨੁਕਸਾਨ ਨਾ ਪਹੁੰਚੇ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਰਿਆ ਦੇ ਕਿਨਾਰਿਆਂ ‘ਤੇ ਲੋੜ ਅਨੁਸਾਰ ਕਿਤੇ-ਕਿਤੇ ਰੁੱਖ ਕੱਟ ਕੇ ਵੀ ਬਿੱਛਾਏ ਜਾ ਰਹੇ ਹਨ ਤਾਂ ਜੋ ਪਾਣੀ ਦੀ ਢਾਲ ਨੀਵੇ ਪਾਸੇ ਨੂੰ ਬਣੀ ਰਹੇ। ਉਨ੍ਹਾਂ ਕਿਹਾ ਕਿ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜਦੋਂ ਬੰਨ ਵਾਲੇ ਰਸਤੇ ਨੂੰ ਮਜਬੂਤ ਕੀਤਾ ਜਾਂਦਾ ਹੈ ਤਾਂ ਪਿੰਡ ਵਾਸੀ ਖੇਤਾਂ ਦੇ ਨਾਲ ਲੱਗਦੀ ਮਿੱਟੀ ਨੂੰ ਬੰਨ ‘ਤੇ ਲਗਾਉਣ ਨਹੀਂ ਦਿੰਦੇ ਅਤੇ ਇਹ ਮੰਗ ਕਰਦੇ ਹਨ ਦਰਿਆ ਵਿਚੋਂ ਹੀ ਮਿੱਟੀ ਕੱਢ ਕੇ ਲਗਾਈ ਜਾਵੇ ਪਰ ਦਰਿਆ ਵਿੱਚ ਮਿੱਟੀ ਰੇਤਾ ਵਾਲੀ ਹੁੰਦੀ ਹੈ, ਜਿਸ ਨਾਲ ਬੰਨ ਮਜਬੂਤੀ ਨਾਲ ਨਹੀਂ ਬਣਾਇਆ ਜਾ ਸਕਦਾ। ਇਸ ਲਈ ਜਦੋਂ ਦਰਿਆ ਦੇ ਕਿਨਾਰੇ ਮਜਬੂਤ ਕੀਤੇ ਜਾਂਦੇ ਹਨ ਤਾਂ ਦਰਿਆ ਨਾਲ ਲੱਗਦੇ ਪਿੰਡ ਵਾਸੀਆਂ ਨੂੰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ।



ਇਸ ਦੌਰਾਨ ਉਨ੍ਹਾਂ ਨੇ ਬੰਨ ਨੂੰ ਮਜਬੂਤ ਕਰਨ ਦੇ ਕੰਮ ਵਿੱਚ ਜੁਟੇ ਪਿੰਡ ਵਾਸੀਆਂ ਦੀ ਸ਼ਲਾਘਾ ਕੀਤੀ ਅਤੇ ਮੰਗ ਅਨੁਸਾਰ ਮੌਕੇ ‘ਤੇ ਜੇ.ਸੀ.ਬੀ. ਮਸ਼ੀਨਾਂ ਸਮੇਤ ਹੋਰ ਸਾਧਨ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਪੂਰੀ ਤਰ੍ਹਾਂ ਨਾਲ ਅੰਡਰ ਕੰਟਰੋਲ ਹੈ ਅਤੇ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਡੈਮ ਵੱਲੋਂ ਛੱਡਿਆ ਗਿਆ ਪਾਣੀ ਹੋਲੀ-ਹੋਲੀ ਕਰਕੇ ਅੱਗੇ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੱਲੋਂ ਸਮੇਂ-ਸਮੇਂ ‘ਤੇ ਦਰਿਆ ਨਾਲ ਲੱਗਦੇ ਪਿੰਡਾਂ ਅਤੇ ਬੰਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਨਾਲ ਚੌਕਸ ਹਨ।