ਨਵੀਂ ਦਿੱਲੀ: ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਮੁੜ ਅੜਿੱਕਾ ਖੜ੍ਹਾ ਹੋ ਗਿਆ ਹੈ। ਦੋਵਾਂ ਮੁਲਕਾਂ ਵਿਚਾਲੇ ਸ਼ਰਧਾਲੂਆਂ ਬਾਰੇ ਨੇਮਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ। ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਚਾਲੂ ਕਰਨ ਲਈ ਕਈ ਸ਼ਰਤਾਂ ਲਾ ਦਿੱਤੀਆਂ ਹਨ। ਇਸ ਤੋਂ ਇਲਾਵਾ ਪਾਕਿਸਤਾਨ ਨੇ ਭਾਰਤ ਵੱਲੋਂ ਪੇਸ਼ ਕੀਤੀਆਂ ਸਾਰੀਆਂ ਪੇਸ਼ਕਸ਼ਾਂ ਦਾ ਵਿਰੋਧ ਕੀਤਾ ਹੈ।


ਸਰਕਾਰੀ ਅਧਿਕਾਰੀਆਂ ਅਨੁਸਾਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਜਾਂ ਤਾਂ ਸ਼ਰਤਾਂ ਲਾ ਰਿਹਾ ਹੈ ਜਾਂ ਫਿਰ ਭਾਰਤ ਵੱਲੋਂ ਪੇਸ਼ ਕੀਤਆਂ ਜਾਂਦੀਆਂ ਤਜ਼ਵੀਜਾਂ ਦਾ ਵਿਰੋਧ ਕਰਦਾ ਹੈ। ਪਾਕਿਸਤਾਨ ਦੇ ਅਧਿਕਾਰੀ ਇਸ ਗੱਲ ਉੱਤੇ ਜ਼ੋਰ ਦੇ ਰਹੇ ਹਨ ਕਿ ਇੱਕ ਦਿਨ ਵਿੱਚ ਸਿਰਫ਼ 700 ਸ਼ਰਧਾਲੂਆਂ ਨੂੰ ਹੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੀ ਸ਼ਰਤ ਹੈ ਕਿ ਸ਼ਰਧਾਲੂ ਵਿਸ਼ੇਸ਼ ਪਰਮਿਟ ਲੈ ਕੇ ਆਉਣ ਤੇ ਵੀਜ਼ਾ ਫੀਸ ਵੀ ਅਦਾ ਕਰਨ ਜਦੋਂਕਿ ਭਾਰਤ ਚਾਹੁੰਦਾ ਹੈ ਕਿ ਇਹ ਯਾਤਰਾ ਵੀਜ਼ੇ ਤੋਂ ਬਿਨਾਂ ਤੇ ਬਿਨਾਂ ਫੀਸ ਦੇ ਹੀ ਹੋਣੀ ਚਾਹੀਦੀ ਹੈ।

ਭਾਰਤ ਦੇ ਅਧਿਕਾਰੀਆਂ ਨੇ ਇਹ ਤਜ਼ਵੀਜ ਰੱਖੀ ਹੈ ਕਿ ਨਾ ਸਿਰਫ ਭਾਰਤੀ ਸ਼ਰਧਾਲੂਆਂ ਸਗੋਂ ਵਿਦੇਸ਼ ਤੋਂ ਆਉਣ ਵਾਲੇ ਭਾਰਤੀ ਕਾਰਡ ਵਾਲੇ ਸ਼ਰਧਾਲੂਆਂ ਨੂੰ ਵੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਤੋਂ ਇਲਾਵਾ ਭਾਰਤ ਚਾਹੁੰਦਾ ਹੈ ਕਿ ਲਾਂਘਾ ਹਫ਼ਤੇ ਵਿੱਚ ਸੱਤ ਦਿਨ ਤੇ ਸਾਰਾ ਸਾਲ ਖੁੱਲ੍ਹਾ ਰਹਿਣਾ ਚਾਹੀਦਾ ਹੈ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਲਾਂਘਾ ਵਿਸ਼ੇਸ਼ ਤੈਅ ਦਿਨਾਂ ਉੱਤੇ ਹੀ ਖੁੱਲ੍ਹਣਾ ਚਾਹੀਦਾ ਹੈ। ਭਾਰਤ ਦੀ ਤਜ਼ਵੀਜ ਹੈ ਕਿ ਰੋਜ਼ਾਨਾਂ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਗਿਣਤੀ ਸੱਤ ਸੌ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਦਿਨਾਂ ਉੱਤੇ ਦਸ ਹਜ਼ਾਰ ਤੱਕ ਸ਼ਰਧਾਲੂ ਭੇਜਣ ਦੀ ਤਜ਼ਵੀਜ ਵੀ ਪਾਕਿਸਤਾਨ ਨੇ ਨਹੀਂ ਮੰਨੀ।

ਭਾਰਤ ਨੇ ਤਜ਼ਵੀਜ ਦਿੱਤੀ ਸੀ ਕਿ ਦਰਸ਼ਨ ਕਰਨ ਜਾਣ ਲਈ ਸ਼ਰਧਾਲੂਆਂ ਨੂੰ ਵਿਅਕਤੀਗਤ ਤੇ ਜਥਿਆਂ ਦੋਵਾਂ ਰੂਪਾਂ ਵਿੱਚ ਹੀ ਆਗਿਆ ਦਿੱਤੀ ਜਾਵੇ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਵਿਅਕਤੀਗਤ ਤੌਰ ਉੱਤੇ ਆਗਿਆ ਨਹੀਂ ਦਿੱਤੀ ਜਾ ਸਕਦੀ ਤੇ ਜੱਥਾ ਵੀ ਘੱਟੋ ਘੱਟ 15 ਵਿਅਕਤੀਆਂ ਦਾ ਹੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਭਾਰਤ ਦੀ ਰਾਵੀ ਦਰਿਆ ਉੱਤੇ ਪੁਲ ਉਸਾਰਨ ਦੀ ਤਜ਼ਵੀਜ ਨਾਲ ਵੀ ਸਹਿਮਤ ਨਹੀਂ ਹੈ ਤੇ ਨਾ ਹੀ ਭਾਰਤ ਦੇ ਵੱਲੋਂ ਸ਼ਰਧਾਲੂਆਂ ਦੀ ਪੈਦਲ ਜਾਣ ਦੀ ਤਜ਼ਵੀਜ ਬਾਰੇ ਉਸ ਵੱਲੋਂ ਕੋਈ ਹੁੰਗਾਰਾ ਭੇਜਿਆ ਗਿਆ ਹੈ।

ਸਰਕਾਰੀ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਵੇਂ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਪ੍ਰਤੀ ਨਾਮਿਲਵਰਤਨ ਵਾਲੀ ਨੀਤੀ ਅਪਣਾਈ ਜਾ ਰਹੀ ਹੈ ਪਰ ਫਿਰ ਵੀ ਭਾਰਤ ਲਾਂਘੇ ਦੀ ਉਸਾਰੀ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਤੈਅਸ਼ੁਦਾ ਤਰੀਕ 12 ਨਵੰਬਰ 2019 ਤੋਂ ਪਹਿਲਾਂ ਲਾਂਘਾ ਤਿਆਰ ਕਰਨ ਲਈ ਵਚਨਬੱਧ ਹੈ। ਲਾਂਘੇ ਦੀ ਉਸਾਰੀ ਲਈ ਕੁੱਲ 53 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ ਤੇ ਹੁਣ ਤੱਕ 45 ਫੀਸਦੀ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਅਧਿਕਾਰੀਆਂ ਅਨੁਸਾਰ ਫੋਰਲੇਨ ਹਾਈਵੇ ਦਾ ਕਾਰਜ 30 ਸਤੰਬਰ, 2019 ਤੱਕ ਮੁਕੰਮਲ ਕਰ ਲਿਆ ਜਾਵੇਗਾ।