ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵੇਂ ਸੁਧਾਰਾਂ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਪਹਿਲੇ ਹੀ ਦਿਨ ਆਮ ਆਦਮੀ ਦੀ ਸਰਕਾਰ ਕਹਿ ਕੇ ਸਪਸ਼ਟ ਕਰ ਦਿੱਤਾ ਹੈ ਪੁਰਾਣੇ ਪ੍ਰਬੰਧ ਬਦਲਣਗੇ ਜਿਨ੍ਹਾਂ ਉੱਪਰ ਜਨਤਾ ਅਕਸਰ ਸਵਾਲ ਉਠਾਉਂਦੀ ਆ ਰਹੀ ਹੈ। ਚੰਨੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਨਾਲ ਹੀ ਆਪਣੀ ਤੇ ਹੋਰ ਮੰਤਰੀਆਂ ਦੀ ਸੁਰੱਖਿਆ ਵਿੱਚ ਕਟੌਤੀ ਦਾ ਸੰਕੇਤ ਦਿੱਤਾ ਹੈ।


ਚੰਨੀ ਦਾ ਮੰਨਣਾ ਹੈ ਕਿ ਜਿੰਨੇ ਸੁਰੱਖਿਆ ਪ੍ਰਬੰਧਾਂ ਨਾਲ ਉਨ੍ਹਾਂ ਤੇ ਹੋਰਨਾਂ ਆਗੂਆਂ ਦਾ ਕੰਮ ਚੱਲ ਸਕਦਾ ਹੈ, ਓਨਾ ਹੀ ਸੁਰੱਖਿਆ ਬੇੜਾ ਉਨ੍ਹਾਂ ਕੋਲ ਰੱਖਿਆ ਜਾਵੇ। ਇਹ ਪ੍ਰਗਟਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਬਗੈਰ ਕਿਸੇ ਕਾਰਨ ਸੁਰੱਖਿਆ ਲਸ਼ਕਰ ਨਾਲ ਲੈ ਕੇ ਨਹੀਂ ਚੱਲਣਗੇ। ਜਿੰਨੀ ਸੁਰੱਖਿਆ ਨਾਲ ਕੰਮ ਚੱਲ ਸਕਦਾ ਹੈ, ਓਨੇ ਹੀ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।


ਰੰਧਾਵਾ ਨੇ ਇਹ ਵੀ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਆਗੂਆਂ ਤੇ ਹੋਰਨਾਂ ਨੂੰ ਮੁਹੱਈਆ ਕਰਵਾਈ ਗਈ ਸੁਰੱਖਿਆ ਦੀ ਸਮੀਖਿਆ ਕਰਨ ਲਈ ਵੀ ਕਿਹਾ ਹੈ। ਪੰਜਾਬ ਭਵਨ 'ਚ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਮੁੱਖ ਮੰਤਰੀ ਨਾਲ ਰਸਮੀ ਮੀਟਿੰਗ ਲਈ ਸਕੱਤਰੇਤ ਪਹੁੰਚੇ ਸੁਖਜਿੰਦਰ ਰੰਧਾਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੀਆਈਪੀ ਕਲਚਰ ਨੂੰ ਵੀ ਪੂਰੀ ਤਰ੍ਹਾਂ ਖ਼ਤਮ ਕਰੇਗੀ।


ਇਸ ਮਾਮਲੇ 'ਚ ਹੁਣ ਤਕ ਵੀਆਈਪੀਜ਼ ਵਾਂਗ ਚੱਲਣ ਵਾਲੇ ਅਧਿਕਾਰੀਆਂ ਨੂੰ ਲੋਕਾਂ ਵਿਚਕਾਰ ਜਾਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਭਾਵੇਂ ਇਸ ਸਰਕਾਰ ਨੂੰ ਕੰਮ ਕਰਨ ਲਈ ਸਿਰਫ਼ 90 ਦਿਨ ਮਿਲੇ ਹਨ, ਪਰ ਮੁੱਖ ਮੰਤਰੀ ਇਸ ਦੇ ਲਈ ਉਤਸ਼ਾਹਿਤ ਹਨ ਤੇ ਵੱਧ ਤੋਂ ਵੱਧ ਸਮਾਂ ਦੇ ਕੇ ਸੂਬੇ ਦੀਆਂ ਲੰਬਿਤ ਸਕੀਮਾਂ ਨੂੰ ਸਾਕਾਰ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਕਾਂਗਰਸ ਪਾਰਟੀ 2022 ਦੀਆਂ ਚੋਣਾਂ ਲਈ ਜਨਤਾ ਦੇ ਸਾਹਮਣੇ ਜਾਵੇਗੀ ਤਾਂ ਉਹ ਲੋਕਾਂ ਨੂੰ ਮਾਣ ਨਾਲ ਦੱਸ ਸਕੇਗੀ ਕਿ ਪਾਰਟੀ ਨੇ ਸਾਰੇ ਵਾਅਦੇ ਅਤੇ ਕੰਮ ਪੂਰੇ ਕੀਤੇ ਹਨ।


ਉਨ੍ਹਾਂ ਕਿਹਾ ਕਿ ਨਵੇਂ ਮੁੱਖ ਮੰਤਰੀ ਸਰਕਾਰ ਦੇ ਕੰਮਕਾਜ 'ਚ ਪਾਰਦਰਸ਼ਿਤਾ ਇਸ ਤਰੀਕੇ ਨਾਲ ਲਿਆਉਣਾ ਚਾਹੁੰਦੇ ਹਨ ਕਿ ਸੂਬੇ ਦੇ ਹਰ ਨਾਗਰਿਕ ਨੂੰ ਸਪੱਸ਼ਟ ਰੂਪ 'ਚ ਪਤਾ ਲੱਗ ਜਾਵੇ ਕਿ ਕੰਮ ਕਿਵੇਂ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਤੇ ਉਨ੍ਹਾਂ ਦੀ ਕੈਬਨਿਟ ਦੇ ਸਾਰੇ ਮੰਤਰੀ ਖੇਤਰ 'ਚ ਵੱਧ ਤੋਂ ਵੱਧ ਸਮਾਂ ਬਿਤਾਉਣਗੇ। ਫਿਰ ਵੀ ਉਹ ਹਰ ਹਫ਼ਤੇ ਇਕ ਖਾਸ ਸਮੇਂ 'ਤੇ ਆਪਣੇ ਦਫ਼ਤਰਾਂ 'ਚ ਬੈਠ ਕੇ ਲੋਕਾਂ ਨੂੰ ਮਿਲਣਗੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਸਿਸਟਮ ਅਜਿਹਾ ਵੀ ਤਿਆਰ ਕੀਤਾ ਜਾਵੇਗਾ ਕਿ ਆਮ ਲੋਕਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਨੂੰ ਸਿੱਧਾ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਤਕ ਪਹੁੰਚਾਇਆ ਜਾ ਸਕੇ।