Paddy Procurement in Punjab: ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬੇਸ਼ੱਕ ਖੇਤਾਂ ਵਿੱਚ ਵੀ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਸਭ ਤੋਂ ਵੱਡੀ ਮੁਸੀਬਤ ਮੰਡੀਆਂ ਵਿੱਚ ਖੜ੍ਹੀ ਹੋ ਰਹੀ ਹੈ। ਬਾਰਸ਼ ਕਰਕੇ ਝੋਨੇ ਵਿੱਚ ਨਮੀ ਦੀ ਮਾਤਰਾ ਵਧ ਗਈ ਹੈ। ਖਰੀਦ ਏਜੰਸੀਆਂ ਦੇ ਸਖਤ ਨਿਯਮਾਂ ਕਰਕੇ ਕਿਸਾਨਾਂ ਦੀ ਫਸਲ ਵਿਕਣ ਵਿੱਚ ਅੜਿੱਕਾ ਲੱਗ ਰਿਹਾ ਹੈ। 



ਹਾਸਲ ਜਾਣਕਾਰੀ ਮੁਤਾਬਤ ਇਸ ਲਈ ਕਿਸਾਨ ਤੇ ਆੜ੍ਹਤੀਏ ਇਸ ਗੱਲੋਂ ਫਿਕਰਮੰਦ ਹਨ ਕਿ ਮੰਡੀਆਂ ’ਚ ਆਈ ਫਸਲ ’ਚ ਨਮੀ ਦੀ ਮਾਤਰਾ ਨਿਸ਼ਚਿਤ ਮਾਪਦੰਡਾਂ ਤੋਂ ਕਿਤੇ ਜ਼ਿਆਦਾ ਆ ਰਹੀ ਹੈ। ਖਰੀਦ ਏਜੰਸੀਆਂ ਤੇ ਖਾਸ ਕਰਕੇ ਚੌਲ ਮਿੱਲ ਮਾਲਕਾਂ ਨੇ ਮਾਪਦੰਡਾਂ ਤੋਂ ਹੇਠਾਂ ਫਸਲ ਚੁੱਕਣ ਤੋਂ ਕਿਨਾਰਾ ਕਰ ਲਿਆ ਹੈ। ਇਸ ਲਈ ਮੰਡੀਆਂ ਵਿੱਚ ਥਾਂ ਦੀ ਵੀ ਕਮੀ ਹੋ ਰਹੀ ਹੈ। ਇਸ ਵੇਲੇ ਤੱਕ ਅਜੇ 50 ਫੀਸਦੀ ਫਸਲ ਹੀ ਮੰਡੀਆਂ ਵਿੱਚ ਪਹੁੰਚੀ ਹੈ।


ਬੁੱਧਵਾਰ ਨੂੰ ਭਾਰਤੀ ਖੁਰਾਕ ਨਿਗਮ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਮੀਨਾ ਨੇ ਪੰਜਾਬ ਵਿੱਚ ਝੋਨੇ ਦੇ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਖੰਨਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਝੋਨੇ ਦੀ ਆਈ ਫਸਲ ਬਾਰੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਵੀ ਕੀਤੀ। ਖੰਨਾ ਮੰਡੀ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਨੇ ਐਫਸੀਆਈ ਦੇ ਚੇਅਰਮੈਨ ਨੂੰ ਮੰਗ ਕੀਤੀ ਕਿ ਝੋਨੇ ਲਈ ਨਮੀ ਦੀ ਮਾਤਰਾ ਵਧਾ ਕੇ 19 ਫੀਸਦੀ ਕੀਤੀ ਜਾਵੇ ਕਿਉਂਕਿ ਬੇਮੌਸਮੇ ਮੀਂਹ ਕਾਰਨ ਫਸਲ ਪ੍ਰਭਾਵਿਤ ਹੋਈ ਹੈ। ਇਸ ਬਾਰੇ ਚੇਅਰਮੈਨ ਨੇ ਕਿਹਾ ਕਿ ਇਸ ਦੀ ਤਕਨੀਕੀ ਸਮੀਖਿਆ ਕੀਤੀ ਜਾਵੇਗੀ। 


ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਪੰਜਾਬ ਵਿਚ ਮੀਂਹ ਤੇ ਠੰਢ ਕਰਕੇ ਪ੍ਰਭਾਵਿਤ ਫਸਲ ਨੂੰ ਦੇਖਦੇ ਹੋਏ ਨਮੀ ਦੇ ਮਾਪਦੰਡਾਂ ਵਿੱਚ ਨਰਮੀ ਲਿਆਏ। ਇਸੇ ਦੌਰਾਨ ਪਤਾ ਲੱਗਾ ਹੈ ਕਿ ਖਰੜ ਮੰਡੀ ਵਿੱਚ ਚੌਲ ਮਿੱਲ ਮਾਲਕਾਂ ਨੇ ਵੱਧ ਨਮੀ ਵਾਲਾ ਝੋਨਾ ਕੱਟ ਲਗਾ ਕੇ ਚੁੱਕਣ ਦੀ ਗੱਲ ਕੀਤੀ ਹੈ। ਬੀਕੇਯੂ (ਸਿੱਧੂਪੁਰ) ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਫੌਰੀ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਏ।