ਲੁਧਿਆਣਾ: ਦੇਸ਼ ਭਰ ਵਿੱਚ ਬਣੇ ਨਫਰਤ ਦੇ ਮਾਹੌਲ ਅੰਦਰ ਪੰਜਾਬ 'ਚ ਨਵੀਂ ਪਹਿਲ ਹੋਣ ਜਾ ਰਹੀ ਹੈ। ਲੁਧਿਆਣਾ 'ਚ ਅਜਿਹਾ ਕਾਲਜ ਬਣੇਗਾ ਜਿੱਥੇ ਮੁਸਲਮਾਨ ਧੀਆਂ ਹਿਜਾਬ, ਸਿੱਖ ਦਸਤਾਰ ਤੇ ਹਿੰਦੂ ਕੁੜੀਆਂ ਤਿਲਕ ਲਾ ਕੇ ਪੜ੍ਹ ਸਕਣਗੀਆਂ। ਅਹਿਮ ਗੱਲ ਹੈ ਕਿ ਮਹਿੰਗਾਈ ਦੇ ਦੌਰ ਵਿੱਚ ਕੁੜੀਆਂ ਤੋਂ ਕੋਈ ਫੀਸ ਵੀ ਨਹੀਂ ਲਈ ਜਾਏਗੀ। ਇਹ ਐਲਾਨ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਮੁਸਲਿਮ ਭਾਈਚਾਰੇ ਵੱਲੋਂ ਦੇਸ਼ ਦੀਆਂ ਧੀਆਂ ਲਈ ਜਲਦੀ ਹੀ ਲੁਧਿਆਣਾ ਵਿੱਚ ਹਬੀਬ ਗਰਲਜ਼ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ।
ਇਤਿਹਾਸਕ ਜਾਮਾ ਮਸਜਿਦ ਵਿੱਚ ਸੋਮਵਾਰ ਨੂੰ ਵੱਖ-ਵੱਖ ਮਸਜਿਦਾਂ ਦੇ ਪ੍ਰਧਾਨਾਂ, ਇਮਾਮ ਸਾਹਿਬਾਨ ਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਵਿੱਚ ਲਏ ਗਏ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਕਾਲਜ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ-ਰਹਿਮਾਨ ਸਾਨੀ ਲੁਧਿਆਣਵੀ ਦਾ ਸੁਫ਼ਨਾ ਸੀ, ਇਸ ਲਈ ਇਹ ਸੰਸਥਾ ਉਨ੍ਹਾਂ ਨੂੰ ਹੀ ਸਮਰਪਿਤ ਹੋਵੇਗੀ। ਉਨ੍ਹਾਂ ਕਿਹਾ ਕਿ ਕਾਲਜ ਲਈ ਲੁਧਿਆਣਾ ਵਿੱਚ ਜਗ੍ਹਾ ਲੈ ਲਈ ਗਈ ਹੈ ਤੇ ਕਾਲਜ ਦਾ ਸਥਾਪਨਾ ਸਮਾਗਮ 10 ਸਤੰਬਰ ਨੂੰ ਕੀਤਾ ਜਾਵੇਗਾ।
ਸ਼ਾਹੀ ਇਮਾਮ ਨੇ ਕਿਹਾ ਕਿ ਇਹ ਜਨਰਲ ਕਾਲਜ ਹੋਵੇਗਾ, ਜਿਸ ਵਿੱਚ ਸਾਰੇ ਧਰਮਾਂ ਦੀਆਂ ਲੋੜਵੰਦ ਧੀਆਂ ਨੂੰ ਮੁਫ਼ਤ ਸਿੱਖਿਆ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਲਜ ਵਿੱਚ ਮੁਸਲਮਾਨ ਧੀਆਂ ਨੂੰ ਹਿਜਾਬ, ਸਿੱਖ ਧੀਆਂ ਨੂੰ ਦਸਤਾਰ ਅਤੇ ਹਿੰਦੂ ਧੀਆਂ ਨੂੰ ਤਿਲਕ ਲਗਾ ਕੇ ਪੜ੍ਹਨ ਦੀ ਆਜ਼ਾਦੀ ਹੋਵੇਗੀ ਤੇ ਕਿਸੇ ਵੀ ਲੜਕੀ ਦੇ ਪਹਿਰਾਵੇ ਸਬੰਧੀ ਕੋਈ ਰੋਕ ਨਹੀਂ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹਬੀਬ ਗਰਲਜ਼ ਕਾਲਜ ਵਿੱਚ ਬੀਏ ਤੇ ਐਮਏ ਸਮੇਤ ਸਾਰੇ ਡਿਗਰੀ ਕੋਰਸ ਕਰਵਾਏ ਜਾਣਗੇ ਅਤੇ ਇਸ ਕੰਮ ਲਈ ਅਹਿਰਾਰ ਫਾਊਂਡੇਸ਼ਨ (ਐਨਜੀਓ) ਦੀ ਸਥਾਪਨਾ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਦੱਸਿਆ ਕਿ ਹਬੀਬ ਗਰਲਜ਼ ਕਾਲਜ ਦੇ ਮਾਰਗ ਦਰਸ਼ਨ ਲਈ ਬੁੱਧੀਜੀਵੀਆਂ, ਉਦਯੋਗਪਤੀਆਂ, ਅਧਿਕਾਰੀਆਂ ਅਤੇ ਧਾਰਮਿਕ ਵਿਦਵਾਨਾਂ ’ਤੇ ਆਧਾਰਿਤ ਸਲਾਹਕਾਰ ਬੋਰਡ ਬਣਾਇਆ ਜਾ ਰਿਹਾ ਹੈ। ਸ਼ਾਹੀ ਇਮਾਮ ਨੇ ਦੱਸਿਆ ਕਾਲਜ ਦਾ ਹੋਸਟਲ ਨਾਲ ਹੀ ਬਣੇਗਾ ਤਾਂ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਘੱਟ ਗਿਣਤੀ ਵਰਗ ਦੀਆਂ ਲੜਕੀਆਂ ਇੱਥੇ ਰਹਿ ਕੇ ਸਿੱਖਿਆ ਹਾਸਲ ਕਰ ਸਕਣ।
ਪੰਜਾਬ 'ਚ ਨਵੀਂ ਪਹਿਲ! ਲੁਧਿਆਣਾ 'ਚ ਬਣਗੇ ਅਜਿਹਾ ਕਾਲਜ ਜਿੱਥੇ ਮੁਸਲਮਾਨ ਧੀਆਂ ਹਿਜਾਬ, ਸਿੱਖ ਦਸਤਾਰ ਤੇ ਹਿੰਦੂ ਤਿਲਕ ਲਾ ਕੇ ਪੜ੍ਹ ਸਕਣਗੀਆਂ, ਕੋਈ ਫੀਸ ਵੀ ਨਹੀਂ ਲਈ ਜਾਏਗੀ
abp sanjha
Updated at:
17 May 2022 11:26 AM (IST)
Edited By: ravneetk
ਸ਼ਾਹੀ ਇਮਾਮ ਨੇ ਕਿਹਾ ਕਿ ਇਹ ਜਨਰਲ ਕਾਲਜ ਹੋਵੇਗਾ, ਜਿਸ ਵਿੱਚ ਸਾਰੇ ਧਰਮਾਂ ਦੀਆਂ ਲੋੜਵੰਦ ਧੀਆਂ ਨੂੰ ਮੁਫ਼ਤ ਸਿੱਖਿਆ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਲਜ ਵਿੱਚ ਮੁਸਲਮਾਨ ਧੀਆਂ ਨੂੰ ਹਿਜਾਬ..
Shahi imam
NEXT
PREV
Published at:
17 May 2022 11:26 AM (IST)
- - - - - - - - - Advertisement - - - - - - - - -