ਚੰਡੀਗੜ੍ਹ: ਇਸ ਵੇਲੇ ਸਿੱਖਾਂ ਨੁਮਾਇੰਦਗੀ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਚੁਣੌਤੀ ਖੜ੍ਹੀ ਹੋ ਰਹੀ ਹੈ। ਇਹ ਚੁਣੌਤੀ ਵਰਲਡ ਸਿੱਖ ਪਾਰਲੀਮੈਂਟ (ਡਬਲਿਊ.ਐਸ.ਪੀ.) ਦੀ ਸਥਾਪਨਾ ਹੋਏਗੀ ਜਿਸ ਨਾਲ ਨਵੀਂ ਸਿੱਖ ਸਿਆਸਤ ਉੱਭਰਨ ਦੇ ਆਸਾਰ ਹਨ। ਸਿੱਖ ਪਾਰਲੀਮੈਂਟ ਦੀ ਸਥਾਪਨਾ ਨਾਲ ਸਿੱਖਾਂ ਨੂੰ ਅਜਿਹਾ ਬਦਲ ਮਿਲਣ ਦੀ ਸੰਭਵਾਨਾ ਹੈ ਜਿਸ ਨਾਲ ਉਹ ਨਵੇਂ ਮੰਚ 'ਤੇ ਇੱਕਜੁਟ ਹੋ ਸਕਣਗੇ।


ਦਰਅਸਲ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਕਾਂਡ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਤੇ ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ (ਡਬਲਿਊ.ਐਸ.ਪੀ.) ਬਣਾਉਣ ਦਾ ਐਲਾਨ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਡਬਲਿਊ.ਐਸ.ਪੀ. ਭਾਰਤ ਤੇ ਵਿਦੇਸ਼ਾਂ ਦੇ 150-150 ਨੁਮਾਇੰਦਿਆਂ ’ਤੇ ਆਧਾਰਿਤ ਹੋਵੇਗੀ। 25 ਨਵੰਬਰ ਤੱਕ ਵਿਦੇਸ਼ਾਂ ਦੇ ਨੁਮਾਇੰਦਿਆਂ ਦੀ ਚੋਣ ਪਿੱਛੋਂ ਭਾਰਤ ’ਚੋਂ ਸਮੂਹ ਪੰਥ ਹਿਤੈਸ਼ੀ ਸੰਸਥਾਵਾਂ ਦੇ 150 ਪ੍ਰਤੀਨਿਧ ਚੁਣੇ ਜਾਣਗੇ। ਇਸ ਐਲਾਨ ਤੋਂ ਸਪੱਸ਼ਟ ਸੰਕੇਤ ਦਿੱਤੇ ਗਏ ਹਨ ਕਿ ਡਬਲਿਊ.ਐਸ.ਪੀ. ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਸਿਆਸੀ ਚੁਣੌਤੀ ਹੋਵੇਗੀ।

ਹਵਾਰਾ ਦੀ 7 ਮੈਂਬਰੀ ਨਿੱਜੀ ਸਲਾਹਕਾਰ ਕਮੇਟੀ ਦੇ ਚਾਰ ਮੈਂਬਰਾਂ ਸੀਨੀਅਰ ਵਕੀਲ ਅਮਰ ਸਿੰਘ ਚਾਹਲ, ਗਿਆਨੀ ਗੁਰਚਰਨ ਸਿੰਘ, ਹਰਮਿੰਦਰ ਸਿੰਘ ਦਿੱਲੀ ਤੇ ਬਗੀਚਾ ਸਿੰਘ ਰੱਤਾਖੇੜਾ ਨੇ ਸ਼ਨੀਵਾਰ ਇਹ ਐਲਾਨ ਕਰਦਿਆਂ ਕਿਹਾ ਕਿ ਡਬਲਿਊ.ਐਸ.ਪੀ. ਰਾਹੀਂ ਸਿੱਖ ਕੌਮ ’ਤੇ ਹੋ ਰਹੇ ਹਮਲਿਆਂ ਦਾ ਹਰੇਕ ਪੱਖੋਂ ਮੁਕਾਬਲਾ ਕੀਤਾ ਜਾਵੇਗਾ। ਹਵਾਰਾ ਵੱਲੋਂ ਭੇਜੇ ਸੰਦੇਸ਼ ਮੁਤਾਬਕ ਸਿੱਖ ਪਾਰਲੀਮੈਂਟ ਕੌਮ ਦੇ ਮਸਲਿਆਂ ਦੇ ਸਦੀਵੀ ਹੱਲ ਲਈ ਬਣਾਈ ਜਾ ਰਹੀ ਹੈ, ਜੋ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਚੱਲੇਗੀ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਮੰਨਿਆ ਹੈ ਕਿ ਸਿੱਖ ਪਾਰਲੀਮੈਂਟ ਬਾਰੇ ਥੋੜ੍ਹੀ ਮੁਸ਼ਕਲ ਤੋਂ ਬਾਅਦ ਸਰਬ ਸਹਿਮਤੀ ਹੋ ਗਈ ਹੈ। ਵਿਦੇਸ਼ਾਂ ਵਿੱਚੋਂ ਸਿੱਖ ਪਾਰਲੀਮੈਂਟ ਲਈ 150 ਨੁਮਾਇੰਦਿਆਂ ਦੀ ਚੋਣ ਕਰਨ ਲਈ 15 ਮੈਂਬਰੀ ਤਾਲਮੇਲ ਕਮੇਟੀ ਬਣਾਈ ਗਈ ਹੈ।

ਇਨ੍ਹਾਂ ਵਿੱਚ ਯੂ.ਐਸ.ਏ. ਤੋਂ ਹਿੰਮਤ ਸਿੰਘ ਤੇ ਡਾ. ਅਮਰਜੀਤ ਸਿੰਘ, ਕੈਨੇਡਾ ਤੋਂ ਭਗਤ ਸਿੰਘ ਤੇ ਮਹਿੰਦਰਪਾਲ ਸਿੰਘ, ਯੂ.ਕੇ. ਤੋਂ ਜੋਗਾ ਸਿੰਘ, ਮਨਪ੍ਰੀਤ ਸਿੰਘ, ਅਮਰੀਕ ਸਿੰਘ ਤੇ ਦਬਿੰਦਰਜੀਤ ਸਿੰਘ, ਜਰਮਨ ਤੋਂ ਗੁਰਮੀਤ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ ਤੇ ਰੇਸ਼ਮ ਸਿੰਘ ਤੇ ਆਸਟਰੇਲੀਆ ਤੋਂ ਸ਼ਾਮ ਸਿੰਘ ਤੇ ਗੁਰਵਿੰਦਰ ਸਿੰਘ ਸ਼ਾਮਲ ਹਨ।