ਚੰਡੀਗੜ੍ਹ: ਪੰਜਾਬ ਕਾਂਗਰਸ ’ਚ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਹੀ ਸਿਆਸੀ ਲੜਾਈ ਹੁਣ ਇੱਕ ਨਵੇਂ ਮੋੜ ’ਤੇ ਆ ਗਈ ਹੈ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਵਿਰੁੱਧ ਵਿਰੋਧੀ ਧੜਾ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਆ ਗਿਆ ਹੈ।


ਦਰਅਸਲ, ਕਾਂਗਰਸ ਹਾਈ ਕਮਾਂਡ ਵੱਲੋਂ ਨਵਜੋਤ ਸਿੱਧੂ ਨੂੰ ਜ਼ਰੂਰਤ ਤੋਂ ਵੱਧ ਤਰਜੀਹ ਦੇਣ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਤੇ ਹੋਰ ਸੀਨੀਅਰ ਵਿਧਾਇਕ ਨਾਰਾਜ਼ ਹਨ। ਇਨ੍ਹਾਂ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਕਾਂਗਰਸ ਨੂੰ ਖੜ੍ਹਾ ਕਰਨ ਪਿੱਛੇ ਪੁਰਾਣੇ ਕਾਂਗਰਸੀਆਂ ਦਾ ਹੱਥ ਹੈ; ਜਦਕਿ ਸਿੱਧੂ ਹਾਲੇ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਹਨ। ਸਿੱਧੂ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਇੱਕੋ ਮੰਚ ਉੱਤੇ ਆਉਣ ਲਈ ਤਿਆਰ ਹੋ ਗਏ ਹਨ।


ਸੂਤਰਾਂ ਅਨੁਸਾਰ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਦੂਜੀ ਪਾਰਟੀ ’ਚ ਰਹਿ ਚੁੱਕੇ ਨਵਜੋਤ ਸਿੱਧੂ ਨੂੰ ਇੰਨੀ ਤਰਜੀਹ ਦੇਣੀ ਠੀਕ ਨਹੀਂ। ਸਿੱਧੂ ਨੂੰ ਲੈ ਕੇ ਹਾਈਕਮਾਂਡ ਦੇ ਮਨ ਵਿੱਚ ਕੁਝ ‘ਸੌਫ਼ਟ ਕੌਰਨਰ’ ਵੇਖਦਿਆਂ ਵੱਖੋ-ਵੱਖਰੇ ਧੜੇ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਆ ਕੇ ਖਲੋ ਗਏ ਹਨ। ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਮਿਲਾ ਲਿਆ ਹੈ, ਅਜਿਹਾ ਕੁਝ ਸੂਤਰਾਂ ਦੇ ਹਵਾਲੇ ਨਾਲ ਮੰਨਿਆ ਜਾ ਰਿਹਾ ਹੈ।


ਹਾਈਕਮਾਂਡ ਨੂੰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਵਿੱਚ ਜਾਂ ਫਿਰ ਸਰਕਾਰ ’ਚ ਕੋਈ ਵੱਡੀ ਜ਼ਿੰਮੇਵਾਰੀ ਦੇਣ ਤੋਂ ਰੋਕਣ ਲਈ ਪੁਰਾਣੇ ਵਿਰੋਧੀ ਆਗੂਆਂ ਦਾ ਆਪਸ ਵਿੱਚ ਗੱਠਜੋੜ ਹੋ ਰਿਹਾ ਹੈ। ਧੁਰ ਵਿਰੋਧੀ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਕਾਂਗਰਸ ਦੀ ਕਮਾਂਡ ਪੁਰਾਣੇ ਕਾਂਗਰਸੀਆਂ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ। ਇਸੇ ਫ਼ਾਰਮੂਲੇ ਅਧੀਨ ਸਾਰੇ ਨਾਰਾਜ਼ ਵਿਧਾਇਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਇੱਕਜੁਟ ਰੱਖਣ ਦੀ ਕੋਸ਼ਿਸ਼ ਕਰਨਗੇ।


ਬੀਤੇ ਦਿਨੀਂ ਪੰਜਾਬ ਕਾਂਗਰਸ ਦੋਫਾੜ ਹੁੰਦੀ ਦਿਸ ਰਹੀ ਸੀ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਬਿਆਨਬਾਜ਼ੀਆਂ ਵੀ ਚੱਲਦੀਆਂ ਰਹੀਆਂ ਹਨ ਅਤੇ ਦੋਵੇਂ ਇੱਕ-ਦੂਜੇ ਵਿਰੁੱਧ ਸਿਆਸੀ ਨਿਸ਼ਾਨਾ ਵਿੰਨ੍ਹਦੇ ਰਹੇ ਹਨ। ਬੀਤੇ ਦਿਨੀਂ ਕੇਂਦਰੀ ਹਾਈਕਮਾਂਡ ਨੇ ਦੋਵਾਂ ਵਿਚਾਲੇ ਦਖ਼ਲ ਦਿੰਦਿਆਂ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਲੀ ਸੱਦਿਆ ਸੀ।


ਇਸ ਤੋਂ ਬਾਅਦ ਸਾਰੇ ਆਗੂਆਂ ਨੇ ਹਾਈਕਮਾਂਡ ਵੱਲੋਂ ਗਠਤ ਪੈਨਲ ਸਾਹਮਣੇ ਮੁਲਾਕਾਤ ਕੀਤੀ ਸੀ। ਮੁਲਾਕਾਤੀਆਂ ਵਿੱਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸਨ। ਇਸ ਤੋਂ ਬਾਅਦ ਇਹੋ ਮੰਨਿਆ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਹਾਈਕਮਾਂਡ ਕੋਈ ਅਹਿਮ ਫ਼ੈਸਲਾ ਲੈ ਸਕਦੀ ਹੈ।


ਦੱਸ ਦੇਈਏ ਕਿ ਪੰਜਾਬ ਵਿੱਚ ਅਗਲੇ ਸਾਲ ਕਈ ਹੋਰ ਸੂਬਿਆਂ ਨਾਲ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹੈ। ਹਾਲੇ ਰਾਜ ਵਿੱਚ ਕਾਂਗਰਸ ਦੀ ਸਰਕਾਰ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ। ਉੱਧਰ ਹੋਰ ਪਾਰਟੀਆਂ ਨੇ ਵੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।


ਬੀਤੇ ਦਿਨੀਂ ਕੁਮਾਰੀ ਮਾਇਆਵਤੀ ਦੀ ਬਸਪਾ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਗੱਠਜੋੜ ਦਾ ਐਲਾਨ ਕੀਤਾ ਸੀ। ਬਸਪਾ ਰਾਜ ਵਿੱਚ 20 ਸੀਟਾਂ ਉੱਤੇ ਚੋਣ ਲੜੇਗੀ, ਜਦ ਕਿ ਅਕਾਲੀ ਦਲ 97 ਸੀਟਾਂ ਉੱਤੇ ਆਪਣੇ ਉਮੀਦਵਾਰ ਉਤਾਰੇਗੀ।


ਇਹ ਵੀ ਪੜ੍ਹੋ: ਅਗਲੇ 5 ਸਾਲਾਂ 'ਚ ਬਦਲ ਜਾਏਗੀ Internet ਦੀ ਦੁਨੀਆ, 5 ਜੀ ਯੁੱਗ ਦੀ ਸ਼ੁਰੂਆਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904