ਲੁਧਿਆਣਾ: ਸਲੇਮ ਟਾਬਰੀ ਨੇੜੇ ਜੀਟੀ ਰੋਡ 'ਤੇ ਇੱਕ ਕਾਰ ਦੇ ਸਟੇਸ਼ਨਰੀ ਟਰੱਕ ਨਾਲ ਟਕਰਾਉਣ ਕਾਰਨ ਇੱਕ ਨਵ-ਵਿਆਹੇ ਨੌਜਵਾਨ ਤੇ ਉਸ ਸਾਲੇ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਬੁੱਧਵਾਰ ਰਾਤ ਕਰੀਬ 11 ਵਜੇ ਵਾਪਰਿਆ। ਗੱਡੀ ਵਿੱਚ ਕੁਲ ਸੱਤ ਲੋਕ ਸਵਾਰ ਸਨ।
ਮ੍ਰਿਤਕਾਂ ਦੀ ਪਛਾਣ ਰਾਹੁਲ ਤੇ ਰਾਜੂ ਵਾਸੀ ਪਿੰਡ ਭੱਟੀਆਂ, ਲੁਧਿਆਣਾ ਵਜੋਂ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।
ਵਧੀਕ ਡੀਸੀਪੀ ਜੀਐਸ ਸਿਕੰਦ ਨੇ ਕਿਹਾ ਕਿ ਰਾਹੁਲ ਦਾ ਬੁੱਧਵਾਰ ਸਵੇਰੇ ਵਿਆਹ ਹੋਇਆ ਤੇ ਉਹ ਸੱਤ ਲੋਕਾਂ ਵਿੱਚ ਸ਼ਾਮਲ ਸੀ ਜੋ ਵਿਆਹ ਤੋਂ ਬਾਅਦ ਇੱਕ ਕਾਰ ਵਿੱਚ ਘਰ ਪਰਤ ਰਹੇ ਸਨ।
ਸਿਕੰਦ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਹੈ ਜਿਥੇ ਦੋ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।