Ferozepur News : ਫ਼ਿਰੋਜ਼ਪੁਰ 'ਚ ਇਕ ਵਿਆਹੁਤਾ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਮੇਤ 3 ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਦਰਅਸਲ 'ਚ ਇਹ ਘਟਨਾ ਗੁਰੂਹਰਸਹਾਏ ਦੇ ਪਿੰਡ ਚੱਕ ਮਹਿਤਾ ਵਾਲਾ ਦੀ ਹੈ। ਜਿਥੇ 20 ਸਾਲਾ ਨੇਹਾ ਰਾਣੀ ਪਤਨੀ ਰਾਕੇਸ਼ ਨੇ 6 ਜੂਨ ਨੂੰ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਉਸ ਦੀ ਸਿਹਤ ਵਿਗੜਨ 'ਤੇ ਉਸ ਨੂੰ ਸਿਵਲ ਹਸਪਤਾਲ ਗੁਰੂਹਰਸਹਾਏ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਹੈ।




ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੇ 12 ਮਾਰਚ 2023 ਨੂੰ ਆਪਣੀ ਧੀ ਦਾ ਵਿਆਹ ਰਾਕੇਸ਼ ਕੁਮਾਰ ਵਾਸੀ ਪਿੰਡ ਚੱਕ ਮਹਿਤਾ ਵਾਲਾ ਨਾਲ ਕੀਤਾ ਸੀ। ਵਿਆਹ ਵਿਚ ਦਾਜ ਵੀ ਦਿੱਤਾ ਪਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਸਹੁਰੇ ਵਾਲਿਆਂ ਨੇ ਦਾਜ ਲਈ ਧੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਸੀ। ਜਿਸ ਤੋਂ ਬਾਅਦ ਸਹੁਰਿਆਂ ਤੋਂ ਤੰਗ ਆ ਕੇ ਧੀ ਨੇ ਖ਼ੁਦਕੁਸ਼ੀ ਕਰ ਲਈ ਹੈ। ਦੂਜੇ ਪਾਸੇ ਥਾਣਾ ਗੁਰੂਹਰਸਹਾਏ ਦੇ ਏਐਸਆਈ ਮਹਿੰਦਰ ਸਿੰਘ ਨੇ ਦਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਰਾਕੇਸ਼ ਕੁਮਾਰ, ਰਵੀ ਅਤੇ ਰਾਣੀ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

 

ਦੱਸ ਦੇਈਏ ਕਿ ਇਸ ਤੋਂ 2 ਦਿਨ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਕਸਬਾ ਤਪਾ ਵਿਖੇ ਵੀ ਵਿਆਹੁਤਾ ਔਰਤ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮ੍ਰਿਤਕ ਦੇ ਪਤੀ, ਸਹੁਰੇ, ਜੇਠ, ਜੇਠਾਣੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਗਗਨਦੀਪ ਕੌਰ ਦੇ ਪਿਤਾ ਮੱਖਣ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਾਲੇਕੇ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸ ਨੇ ਆਪਣੀ ਕੁੜੀ ਗਗਨਦੀਪ ਕੌਰ ਦਾ 8 ਸਾਲ ਪਹਿਲਾਂ ਉਤਵਿੰਦਰ ਸਿੰਘ ਪੁੱਤਰ ਰਘੁਵੀਰ ਸਿੰਘ ਨਾਲ ਧਾਰਮਿਕ ਮਰਿਆਦਾ ਅਨੁਸਾਰ ਲੱਖਾਂ ਰੁਪਏ ਲਾ ਕੇ ਕੀਤਾ ਸੀ ਪਰ ਬਾਅਦ ’ਚ ਕੁੜੀ ਦਾ ਪਤੀ ਨਸ਼ਾ ਕਰਨ ਕਾਰਨ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ।