ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਇਕਾਈ ਦੇ ਪਹਿਲੇ ਇੰਚਾਰਜਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਚੋਣਾਂ ਦੌਰਾਨ ਲੱਗੇ ਵੱਖ-ਵੱਖ ਦੋਸ਼ਾਂ ਤੋਂ ਕਲੀਨ ਚਿੱਟ ਦੇ ਦਿੱਤੀ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਦਿੱਲੀ ਵਿਖੇ ਪਾਰਟੀ ਦੀ ਕੌਮੀ ਕੌਂਸਲ ਦੀ ਮੀਟਿੰਗ ਦੌਰਾਨ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੀਆਂ ਮੁਸ਼ਕਲਾਂ ਅਤੇ ਮੰਗਾਂ ਸੁਣਨ ਲਈ ਤਿੰਨ ਆਗੂਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੰਤਰੀ ਗੋਪਾਲ ਰਾਏ ਅਤੇ ਪੰਕਜ ਕੁਮਾਰ ਦੀ ਡਿਊਟੀ ਲਾਈ ਗਈ ਸੀ।


ਮੀਟਿੰਗ ਵਿੱਚ ਪੰਜਾਬ ਵੱਲੋਂ ਪਾਰਟੀ ਪ੍ਰਧਾਨ ਭਗਵੰਤ ਮਾਨ, ਸਹਿ ਪ੍ਰਧਾਨ ਅਮਨ ਅਰੋੜਾ ਸਮੇਤ ਕਈ ਵਿਧਾਇਕ, ਸੂਬਾਈ ਲੀਡਰ ਅਤੇ ਜ਼ਿਲ੍ਹਿਆਂ ਆਦਿ ਦੇ ਪ੍ਰਧਾਨ ਵੀ ਮੌਜੂਦ ਸਨ। ਸੂਤਰਾਂ ਅਨੁਸਾਰ ਇਸ ਮੀਟਿੰਗ ਤੋਂ ਪਹਿਲਾਂ ਸੂਬਾਈ ਲੀਡਰਸ਼ਿਪ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਇੰਚਾਰਜਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਉਪਰ ਪੈਸੇ ਲੈ ਕੇ ਟਿਕਟਾਂ ਵੰਡਣ ਸਮੇਤ ਹੋਰ ਕਈ ਤਰ੍ਹਾਂ ਦੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ।

ਆਗੂਆਂ ਨੇ ਕਿਹਾ ਕਿ ਦੋਹਾਂ ਖ਼ਿਲਾਫ਼ ਲੱਗੇ ਦੋਸ਼ਾਂ ਵਿੱਚੋਂ ਕਿਸੇ ਇਕ ਦਾ ਸਬੂਤ ਵੀ ਸਾਹਮਣੇ ਨਹੀਂ ਆਇਆ। ਇਕ ਲੀਡਰ ਨੇ ਤਾਂ ਇਥੋਂ ਤਕ ਕਿਹਾ ਕਿ ਜੇ ਇਹ ਦੋਵੇਂ ਇੰਚਾਰਜ ਨਾ ਹੁੰਦੇ ਤਾਂ ਪੰਜਾਬ ਦੇ ਕਈ ਲੀਡਰਾਂ ਦੇ ਆਪਸੀ ਲੜਾਈ ਵਿੱਚ ਸਿਰ ਪਾਟ ਜਾਣੇ ਸਨ। ਸੂਤਰਾਂ ਅਨੁਸਾਰ ਸੂਬਾ ਇਕਾਈ ਲਈ ਇੰਚਾਰਜ ਨਿਯੁਕਤ ਕਰਨ ਦੀ ਮੰਗ ਬਾਰੇ ਇਕ ਪ੍ਰਮੁੱਖ ਆਗੂ ਨੇ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਚੰਗੇ ਢੰਗ ਨਾਲ ਖਿਡਾਉਣ ਲਈ ਤੁਰੰਤ ‘ਕੋਚ’ ਨਿਯੁਕਤ ਕੀਤਾ ਜਾਵੇ।

ਖ਼ਬਰ ਅਨੁਸਾਰ ਹਾਈਕਮਾਂਡ ਇੰਚਾਰਜ ਲਾਉਣ ਲਈ ਕਾਹਲੀ ਨਹੀਂ ਦਿਖ ਰਹੀ। ਕੌਮੀ ਲੀਡਰਾਂ ਨੇ ਕਿਹਾ ਕਿ ਪਹਿਲਾਂ ਹਾਈਕਮਾਂਡ ਉਪਰ ਪੰਜਾਬ ਵਿੱਚ ਫਾਲਤੂ ਦਖਲਅੰਦਾਜ਼ੀ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਇਸ ਲਈ ਸ੍ਰੀ ਮਾਨ, ਅਰੋੜਾ ਅਤੇ ਖਹਿਰਾ ਸਮੁੱਚੀ ਲੀਡਰਸ਼ਿਪ ਦੀ ਰਾਏ ਲੈ ਕੇ ਜੋ ਵੀ ਸਾਂਝੇ ਫੈਸਲੇ ਕਰਨਗੇ, ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਉਨ੍ਹਾਂ ਉਪਰ ਮੋਹਰ ਲਾਉਂਦੀ ਜਾਵੇਗੀ। ਮੀਟਿੰਗ ਵਿੱਚ ਸ੍ਰੀ ਖਹਿਰਾ ਮੌਜੂਦ ਨਹੀਂ ਸਨ ਪਰ ਪਤਾ ਲੱਗਾ ਹੈ ਕਿ ਕਈ ਲੀਡਰਾਂ ਨੇ ਵਿਰੋਧੀ ਧਿਰ ਦੇ ਆਗੂ ਦੀ ਕਾਰਗੁਜ਼ਾਰੀ ਉਪਰ ਵੀ ਸਵਾਲ ਉਠਾਏ ਅਤੇ ਹਾਈਕਮਾਂਡ ਤੋਂ ਮੰਗ ਕੀਤੀ ਕਿ ਸ੍ਰੀ ਖਹਿਰਾ ਨੂੰ ਪਾਰਟੀ ਵਿੱਚ ਉਸ ਦੇ ਅਧਿਕਾਰ ਖੇਤਰ ਬਾਰੇ ਸਪੱਸ਼ਟ ਕੀਤਾ ਜਾਵੇ। ਹਾਈਕਮਾਂਡ ਨੇ ਪੰਜਾਬ ਲੀਡਰਸ਼ਿਪ ਨੂੰ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਕਰਨ ਲਈ ਕਿਹਾ।