ਗਗਨਦੀਪ ਸ਼ਰਮਾ
ਅੰਮ੍ਰਿਤਸਰ: ਐੱਨਆਈਏ ਦੀ ਟੀਮ ਅੱਜ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ 'ਚ ਸ਼ੂਟਰ ਗੁਰਜੀਤ ਸਿੰਘ ਭਾਅ, ਸੁਖਦੀਪ ਸਿੰਘ ਭੂਰਾ ਤੇ ਇੰਦਰਜੀਤ ਸਿੰਘ ਨੂੰ ਬਲਵਿੰਦਰ ਸਿੰਘ ਦੇ ਘਰ ਭਿਖੀਵਿੰਡ ਲੈ ਕੇ ਪੁੱਜੀ।ਇੱਥੇ NIA ਦੀ ਟੀਮ ਨੇ ਵਾਰਦਾਤ ਦੇ ਸਾਰੇ ਸੀਨ ਨੂੰ ਰਿਕ੍ਰਿਏਟ ਕੀਤਾ। ਤਰਨਤਾਰਨ ਪੁਲਿਸ ਦੇ SSP ਧਰੁੰਮਨ ਨਿੰਭਾਲੇ ਨੇ ਇਸ ਦੀ ਪੁਸ਼ਟੀ ਕੀਤੀ।
ਜਾਣਕਾਰੀ ਮੁਤਾਬਿਕ ਸਥਾਨਕ ਪੁਲਿਸ ਦੀ ਮਦਦ ਨਾਲ ਤਿੰਨ ਮੁਲਜਮਾਂ ਨੂੰ ਖੁੱਲੇ ਛੱਡ ਕੇ ਪੂਰੇ ਕ੍ਰਾਇਮ ਸੀਨ ਨੂੰ ਰਿਕ੍ਰਿਏਟ ਕੀਤਾ ਗਿਆ ਤੇ ਐਨਆਈਏ ਦੀ ਟੀਮ ਨੇ ਪੂਰੇ ਘਟਨਾਕ੍ਰਮ ਦੀ ਵੀਡਿਓਗ੍ਰਾਫੀ ਕੀਤੀ। ਜਾਣਕਾਰੀ ਮੁਤਾਬਿਕ ਗੁਰਜੀਤ ਸਿੰਘ ਭਾਅ ਮੁੱਖ ਸ਼ੂਟਰ ਸੀ, ਜਿਸ ਨੇ ਕਾਮਰੇਡ ਬਲਵਿੰਦਰ ਸੰਧੂ ਨੂੰ ਗੋਲੀਆਂ ਮਾਰੀਆਂ ਸਨ, ਜਦਕਿ ਸੁਖਦੀਪ ਸਿੰਘ ਭੁਰਾ ਲੁਧਿਆਣੇ ਤੋਂ ਗੁਰਜੀਤ ਸਿੰਘ ਭਾਅ ਨਾਲ ਆਇਆ ਸੀ।
ਕਾਮਰੇਡ ਬਲਵਿੰਦਰ ਸੰਧੂ ਦੇ ਘਰ ਸ਼ੂਟਰ ਗੁਰਜੀਤ ਸਿੰਘ ਭਾਅ ਨੂੰ ਲਿਜਾਣ ਲਈ ਸਥਾਨਕ ਵਸਨੀਕ ਇੰਦਰਜੀਤ ਸਿੰਘ ਮੋਟਰਸਾਈਕਲ 'ਤੇ ਲੈ ਕੇ ਗਿਆ ਤੇ ਜਿੱਥੇ ਗੁਰਜੀਤ ਨੇ ਗੋਲੀਆਂ ਮਾਰਕੇ ਬਲਵਿੰਦਰ ਸੰਧੂ ਦਾ ਕਤਲ ਕਰ ਦਿੱਤਾ। ਜਦਕਿ ਸੁਖਦੀਪ ਸਿੰਘ 200 ਮੀਟਰ ਪਿੱਛੇ ਰਿਹਾ ਸੀ ਜਿੰਨਾ ਨੂੰ ਪਿਛਲੇ ਸਮੇਂ ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਨੇ ਕੀਤੀ ਸੀ।
ਫਰਵਰੀ ਮਹੀਨੇ ਇਸ ਮਾਮਲੇ ਦੀ ਜਾਂਚ NIA ਨੂੰ ਦੇ ਦਿੱਤੀ ਸੀ ਤੇ ਇਸੇ ਕਾਰਨ ਐਨਆਈਏ ਦੀ ਟੀਮ ਭਿੱਖੀਵਿੰਡ ਪੁੱਜੀ ਸੀ ਤੇ ਟੀਮ ਨੇ ਇਸ ਤੋਂ ਬਾਅਦ ਪਰਿਵਾਰ ਨਾਲ ਵੀ ਗੱਲਬਾਤ ਕੀਤੀ। ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜਰ ਕਾਮਰੇਡ ਬਲਵਿੰਦਰ ਸੰਧੂ ਦੇ ਘਰ ਨੂੰ ਜਾਣ ਵਾਲੇ ਸਾਰੇ ਰਸਤੇ ਇਸ ਦੌਰਾਨ ਬੰਦ ਰੱਖੇ ਗਏ।