ਗੁਰਦਾਸਪੁਰ : ਕੇਂਦਰ ਸਰਕਾਰ ਵੱਲੋਂ ਗੈਂਗਸਟਰਾਂ ਖਿਲਾਫ਼ ਵੱਡੀ ਕਾਰਵਾਈ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਕੇਂਦਰੀ ਜਾਂਚ ਏਜੇਂਸੀ NIA ਦੀ ਟੀਮ ਵੱਲੋਂ ਗੈਂਗਸਟਰ ਜੱਗ ਭਗਵਾਨਪੁਰੀਆ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 1 ਵਜੇ ਦੇ ਕਰੀਬ  ਛਾਪੇਮਾਰੀ ਖ਼ਤਮ ਹੋਈ ਹੈ। 



 

ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਜੋ ਕੇ ਘਰ ਦੇ ਵਿਚ ਇਕੱਲੇ ਹੀ ਰਹਿੰਦੇ ਹਨ ਦੇ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ 7 ਵਜੇ ਦੇ ਕਰੀਬ ਇਹ NIA ਦੀ ਪੰਜ ਮੈਂਬਰੀ ਟੀਮ ਓਹਨਾਂ ਦੇ ਘਰ ਪਹੁੰਚੀ ਸੀ ਤੇ ਘਰ ਨੂੰ ਚਾਰੇ ਪਾਸੇ ਤੋਂ ਪੁਲਿਸ ਵੱਲੋਂ ਘੇਰਾਬੰਦੀ ਕਰ ਰੱਖੀ ਸੀ। ਤਲਾਸ਼ੀ ਦੌਰਾਨ 2 ਮੋਬਾਈਲ ,ਜੱਗੂ ਸਮੇਤ ਪਰਿਵਾਰ ਦੇ ਅਧਾਰ ਕਾਰਡ, ਬੈਂਕ ਡਿਟੇਲ ਅਤੇ ਇਕ ਪੈਨ ਡਰਾਈਵ ਸਮੇਤ ਕੁਝ ਹੋਰ ਸਮਾਨ ਨਾਲ ਲੈ ਕੇ ਗਏ ਹਨ। 

 

ਉਨ੍ਹਾਂ ਦੱਸਿਆ ਕਿ ਟੀਮ ਨੇ ਮੂਸੇਵਾਲਾ ਕਤਲ ਵਿਚ ਜੱਗੂ ਦੀ ਸ਼ਮੂਲੀਅਤ ਬਾਰੇ ਵੀ ਪੁੱਛਗਿੱਛ ਕੀਤੀ ਗਈ।  ਨਾਲ ਹੀ ਉਨ੍ਹਾਂ ਦੱਸਿਆ ਕਿ ਘਰ ਦਾ ਖਰਚਾ ਕਿਵੇ ਚਲਦਾ ਹੈ, ਇਸ ਬਾਰੇ ਵੀ ਪੁੱਛਿਆ ਗਿਆ। ਜੱਗੂ ਦੀ ਮਾਤਾ ਦਾ ਕਹਿਣਾ ਸੀ ਕਿ ਘਰ ਅੰਦਰ ਪਾਈਆਂ ਅਲਮਾਰੀਆਂ ,ਟਰੰਕ ,ਪੇਟੀਆ ਅਤੇ ਦੂਸਰੇ ਸਮਾਨ ਦੀ ਫਰੋਲਾ ਫਰਾਲੀ ਕੀਤੀ ਗਈ ਹੈ।  


 

 ਦੱਸ ਦੇਈਏ ਕਿ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 50 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਸਬੰਧੀ 'ਚ ਖੰਨਾ ਪੁਲਿਸ ਜ਼ਿਲ੍ਹਾ ਅਧੀਨ ਪੈਂਦੇ ਦੋਰਾਹਾ ਦੇ ਪਿੰਡ ਰਾਜਗੜ੍ਹ 'ਚ ਵੀ NIA ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਵੀ ਜਾਰੀ ਹੈ। ਇਸ ਤੋਂ ਇਲਾਵਾ ਕੋਟਕਪੂਰਾ 'ਚ ਗੈਂਗਸਟਰ ਵਿਨੇ ਦਿਓੜਾ ਦੇ ਘਰ ਵੀ ਛਾਪੇਮਾਰੀ ਕੀਤੀ ਗਈ, ਜਿਥੇ ਕਰੀਬ ਪੰਜ ਘੰਟੇ ਤੋਂ ਵੀ ਵੱਧ ਸਮਾਂ NAI ਦੀ ਟੀਮ ਵੱਲੋਂ ਛਾਣਬੀਣ ਕੀਤੀ ਗਈ। ਇਹ ਛਾਪੇ ਦਿੱਲੀ, ਐਨਸੀਆਰ, ਹਰਿਆਣਾ ਅਤੇ ਪੰਜਾਬ ਵਿੱਚ ਮਾਰੇ ਗਏ ਹਨ। ਐਨਆਈਏ ਨੂੰ ਸਿੱਧੂ ਮੂਸੇਵਾਲਾ ਕਤਲ ਦਾ ਕੁਨੈਕਸ਼ਨ ਅੱਤਵਾਦੀ ਸਮੂਹਾਂ ਨਾਲ ਜੁੜੇ ਹੋਣ ਦੀ ਜਾਣਕਾਰੀ ਮਿਲੀ ਹੈ।  

 

NIA ਨੇ ਸੋਮਵਾਰ ਨੂੰ ਅੱਤਵਾਦੀ ਸਮੂਹਾਂ ਨਾਲ ਸਬੰਧ ਰੱਖਣ ਵਾਲੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਲਈ ਪੰਜਾਬ, ਹਰਿਆਣਾ ਤੇ ਦਿੱਲੀ 'ਚ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਨੇ ਅਬੋਹਰ ਦੇ ਨਾਲ ਲੱਗਦੇ ਪਿੰਡ ਦੁਤਾਰਾਂਵਾਲੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਘਰ ਛਾਪੇਮਾਰੀ ਕੀਤੀ ਹੈ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਵੱਡੀ ਗਿਣਤੀ ਵਿੱਚ ਅਧਿਕਾਰੀਆਂ ਦਾ ਕਾਫਲਾ ਪਿੰਡ 'ਚ ਪਹੁੰਚਿਆ ਤੇ ਲਾਰੈਂਸ ਬਿਸ਼ਨੋਈ ਦੇ ਘਰ ਚੈਕਿੰਗ ਕੀਤੀ ਜਾ ਰਹੀ ਹੈ।