ਤਰਨ ਤਾਰਨ: ਸਰਹੱਦੀ ਖੇਤਰ ਦੇ ਪਿੰਡ ਸਿੰਘਪੁਰਾ ਵਿੱਚ ਐਤਵਾਰ ਨੂੰ ਪੁਲਿਸ ਮੁਕਾਬਲੇ ਵਿੱਚ ਦੋ ਨਿਹੰਗ ਸਿੰਘ ਮਾਰੇ ਗਏ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਨਿਹੰਗ ਕਤਲ ਕੇਸ ਵਿੱਚ ਲੋੜੀਂਦੇ ਸੀ। ਜਦੋਂ ਪੁਲਿਸ ਇਨ੍ਹਾਂ ਨੂੰ ਫੜਨ ਗਈ ਤਾਂ ਇਨ੍ਹਾਂ ਨੇ ਤਲਵਾਰਾਂ ਨਾਲ ਹਮਲਾ ਕਰਕੇ ਇੱਕ ਥਾਣੇਦਾਰ ਦਾ ਹੱਥ ਵੱਢ ਦਿੱਤਾ ਤੇ ਦੂਜੇ ਥਾਣੇਦਾਰ ਦੀਆਂ ਉਂਗਲਾਂ ਵੱਢੀਆਂ ਗਈਆਂ। ਇਸ ਮਗਰੋਂ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪਈਆਂ ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਗੁਰਦੇਵ ਸਿੰਘ ਤੇ ਮਹਿਤਾਬ ਸਿੰਘ ਵਜੋਂ ਹੋਈ ਹੈ।

ਪੁਲਿਸ ਮੁਤਾਬਕ ਵਲਟੋਹਾ ਤੇ ਖੇਮਕਰਨ ਥਾਣੇ ਦੇ ਐਸਐਚਓਜ਼ ਜ਼ਖ਼ਮੀ ਹੋਏ ਹਨ ਜੋ ਜ਼ੇਰੇ ਇਲਾਜ ਹਨ। ਦਰਅਸਲ ਮਹਾਰਾਸ਼ਟਰ ਪੁਲਿਸ ਨੇ ਬੀਤੇ ਦਿਨੀਂ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਨੰਦੇੜ ਸਾਹਿਬ ਹਜ਼ੂਰ ਸਾਹਿਬ ਵਿੱਚ ਇੱਕ ਡੇਰੇ ਦੇ ਮੁਖੀ ਸੰਤੋਖ ਸਿੰਘ ਦਾ ਕਤਲ ਕਰਕੇ ਦੋ ਨਿਹੰਗ ਪੰਜਾਬ ਵੱਲ ਭੱਜ ਗਏ ਹਨ।

ਪੁਲਿਸ ਨੂੰ ਇਨ੍ਹਾਂ ਨਿਹੰਗਾਂ ਦੇ ਭਿੱਖੀਵਿੰਡ ਨੇੜੇ ਸੁਰਸਿੰਘ ਪਿੰਡ ਕੋਲ ਛੁਪੇ ਹੋਣ ਦੀ ਸੂਚਨਾ ਮਿਲੀ। ਥਾਣਾ ਖੇਮਕਰਨ ਦੇ ਐਸਐਚਓ ਨਰਿੰਦਰ ਸਿੰਘ ਤੇ ਥਾਣਾ ਵਲਟੋਹਾ ਦੇ ਐਸਐਚਓ ਬਲਵਿੰਦਰ ਸਿੰਘ ਨੇ ਜਦੋਂ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ।

ਭਿੱਖੀਵਿੰਡ ਪੁਲਿਸ ਵੱਲੋਂ ਹਮਲਾ ਕਰਨ ਵਾਲੇ ਨਿਹੰਗਾਂ ਦਾ ਪਿੱਛਾ ਕੀਤਾ ਗਿਆ ਤੇ ਸਿੰਘਪੁਰਾ ਦੀ ਡਰੇਨ ਨੇੜੇ ਮੁਕਾਬਲੇ ਵਿੱਚ ਦੋਵੇਂ ਮਾਰੇ ਗਏ। ਤਰਨ ਤਾਰਨ ਦੇ ਜ਼ਿਲ੍ਹਾ ਪੁਲਿਸ ਮੁਖੀ ਧਰੁਮਨ ਐਚ. ਨਿੰਬਲੇ ਨੇ ਦੱਸਿਆ ਕਿ ਦੋ ਥਾਣੇਦਾਰਾਂ ’ਤੇ ਹਮਲਾ ਕਰਨ ਵਾਲੇ ਨਿਹੰਗਾਂ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਹੈ। ਉਨ੍ਹਾਂ ਦੀ ਪਛਾਣ ਗੁਰਦੇਵ ਸਿੰਘ ਤੇ ਮਹਿਤਾਬ ਸਿੰਘ ਵਜੋਂ ਹੋਈ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ