ਚੰਡੀਗੜ੍ਹ : ਮੋਹਾਲੀ 'ਚ ਹੋਏ ਬਲਾਸਟ ਤੋਂ ਬਾਅਦ ਪੁਲਿਸ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੁੱਲਾ ਪੱਤੀ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਦੀ ਧਰਮ ਪਤਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੁਲਿਸ ਨੇ ਨਿਸ਼ਾਨ ਦੇ ਸਾਲੇ ਸੰਦੀਪ ਸਿੰਘ ਸੋਨੂੰ ਨੂੰ ਵੀ ਹਿਰਾਸਤ 'ਚ ਲਿਆ ਹੈ। 

 

ਅੰਮ੍ਰਿਤਸਰ 'ਚ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਨਿਸ਼ਾਨ ਸਿੰਘ ਦੀ ਪਤਨੀ ਛਾਇਆ ਨੇ ਦੱਸਿਆ ਕਿ ਨਿਸ਼ਾਨ 'ਤੇ ਪਹਿਲਾਂ ਕਈ ਮੁਕੱਦਮੇ ਸਨ ਤੇ ਉਹ ਦੋ ਮਹੀਨੇ ਪਹਿਲਾਂ ਹੀ ਫਰੀਦਕੋਟ ਜੇਲ੍ਹ 'ਚੋਂ ਰਿਹਾ ਹੋ ਕੇ ਆਇਆ ਹੈ ਤੇ ਮਿਹਨਤ ਮਜਦੂਰੀ ਕਰਕੇ ਆਪਣਾ ਘਰ ਪਾਲ ਰਿਹਾ ਹੈ ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। 

 

ਛਾਇਆ ਨੇ ਕਿਹਾ ਕਿ ਉਸ ਦਾ ਪਤੀ ਬੇਕਸੂਰ ਹੈ ਤੇ ਉਸ ਦਾ ਮੋਹਾਲੀ ਵਾਲੇ ਹਾਦਸੇ ਨਾਲ ਕੋਈ ਵਾਸਤਾ ਨਹੀ ਕਿਉੰਕਿ ਨਿਸ਼ਾਨ ਰਿਹਾਈ ਤੋਂ ਬਾਅਦ ਕਦੇ ਬਾਹਰ ਗਿਆ ਨਹੀਂ। ਉਸ ਦੀ ਪਤਨੀ ਨੇ ਕਿਹਾ ਕਿ ਜੇਕਰ ਨਿਸ਼ਾਨ 'ਚ ਜਰਾ ਜਿੰਨਾ ਵੀ ਕਸੂਰ ਨਿਕਲੇ ਤਾਂ ਸਰਕਾਰ ਜੋ ਮਰਜ਼ੀ ਸਜ਼ਾ ਦੇਵੇ ਪਰ ਸਹੀ ਜਾਂਚ ਕਰਕੇ ਉਸ ਨੂੰ ਰਿਹਾ ਕਰੇ। ਛਾਇਆ ਨੇ ਕਿਹਾ ਕਿ ਉਨਾਂ ਦੇ ਪਰਿਵਾਰ ਨਾਲ ਕੋਈ ਜਾਣਬੁੱਝ ਕੇ ਰੰਜਿਸ਼ ਕੱਢ ਰਿਹਾ ਹੈ ਤੇ ਉਸ ਦੇ ਪਤੀ ਤੇ ਭਰਾ ਨੂੰ ਨਾਜਾਇਜ ਫਸਾਇਆ ਜਾ ਰਿਹਾ ਹੈ।


ਪਤੀ ਦੇ ਨਾਲ ਭਰਾ ਦੀ ਵੀ ਰਿਹਾਈ ਦੀ ਮੰਗ

ਛਾਇਆ ਨੇ ਦੱਸਿਆ ਕਿ ਨਿਸ਼ਾਨ ਤੋਂ ਇਲਾਵਾ ਬੀਤੇ ਕੱਲ ਪੁਲਿਸ ਨੇ ਉਸ ਦੇ ਭਰਾ ਸੰਦੀਪ ਸੋਨੂੰ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਦਕਿ ਉਸ ਦਾ ਕੋਈ ਕਸੂਰ ਨਹੀ ਹੈ। ਮੇਰੇ ਪਤੀ 'ਤੇ ਲੜਾਈ ਝਗੜੇ ਦੇ ਪਰਚੇ ਹਨ ਪਰ ਮੇਰਾ ਭਰਾ 'ਤੇ ਤਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ।

 

ਦੱਸ ਦੇਈਏ ਕਿ ਮੋਹਾਲੀ ਬੰਬ ਧਮਾਕੇ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਤਰਨਤਾਰਨ ਦੇ ਨਿਸ਼ਾਨ ਸਿੰਘ ਨੇ ਦੋ ਅੱਤਵਾਦੀਆਂ ਨੂੰ ਰਾਕੇਟ ਪ੍ਰੀਪੇਅਰਡ ਗ੍ਰਨੇਡ (RGP) ਮੁਹੱਈਆ ਕਰਵਾਉਣ ਦੀ ਗੱਲ ਕਬੂਲੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਨਿਸ਼ਾਨ ਨੇ ਕਬੂਲ ਕੀਤਾ ਹੈ ਕਿ ਉਸ ਨੇ ਦੋਵਾਂ ਅੱਤਵਾਦੀਆਂ ਨੂੰ ਆਰਪੀਜੀ ਮੁਹੱਈਆ ਕਰਵਾਈ ਸੀ। ਪੁੱਛਗਿੱਛ ਦੌਰਾਨ ਨਿਸ਼ਾਨ ਸਿੰਘ ਨੇ ਖੁਲਾਸਾ ਕੀਤਾ ਕਿ ਆਰਪੀਜੀ ਉਸ ਨੂੰ ਤਰਨਤਾਰਨ ਅਤੇ ਅੰਮ੍ਰਿਤਸਰ ਵਿਚਕਾਰ ਤਿੰਨ ਵਿਅਕਤੀਆਂ ਨੇ ਦਿੱਤੀ ਸੀ। ਉਹ ਨਹੀਂ ਜਾਣਦਾ ਸੀ ਕਿ ਉਹ ਤਿੰਨ ਲੋਕ ਕੌਣ ਸਨ।