ਸ਼ੰਕਰ ਦਾਸ ਦੀ ਰਿਪੋਰਟ



ਚੰਡੀਗੜ੍ਹ: ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤ ਪ੍ਰਣਾਲੀ ਵਿੱਚ ਸੁਧਾਰ ਕਰਨ ਤੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰੀ ਹਸਪਤਾਲਾਂ 'ਚ ਮਰੀਜ਼ ਦਵਾਈਆਂ ਤੋਂ ਵਾਂਝੇ ਬੈਠੇ ਹਨ।

ਇਸ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੀਆਂ ਹਨ। ਪੰਜਾਬ ਕਾਂਗਰਸ ਦੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਆਪ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ 'ਦਿੱਲੀ ਮਾਡਲ' ਦੀ ਦਸਤਕ ਪੰਜਾਬ ਵਿੱਚ। ਡਿਸਪੈਂਸਰੀਆਂ 'ਚ ਦਵਾਈਆਂ ਹੈਨੀ, ਹਸਪਤਾਲਾਂ 'ਚ X-Ray ਫਿਲਮਾਂ ਹੈਨੀ, 4 ਮਹੀਨੇ ਤੋਂ ਸਕੂਲਾਂ 'ਚ ਕਿਤਾਬਾਂ ਹੈਨੀ, ਚਿੱਟੇ ਦੀ ਚਾਰੇ ਪਾਸੇ ਭਰਮਾਰ ਹੈ।

ਦਰਅਸਲ 'ਚ ਮੀਡੀਆ ਰਿਪੋਰਟਾਂ ਮੁਤਾਬਕ ਪੇਂਡੂ ਵਿਕਾਸ ਤੇ ਪੰਚਾਇਤ ਅਧੀਨ ਚੱਲ ਰਹੀਆਂ ਡਿਸਪੈਂਸਰੀਆਂ 'ਚ ਪਹਿਲੀ ਜਨਵਰੀ ਤੋਂ ਹੁਣ ਤੱਕ ਕੋਈ ਦਵਾਈ ਨਹੀਂ ਪਹੁੰਚੀ। ਪੰਜਾਬ ਵਿੱਚ ਪੰਚਾਇਤ ਵਿਭਾਗ ਅਧੀਨ 540 ਡਿਸਪੈਂਸਰੀਆਂ ਚੱਲ ਰਹੀਆਂ ਹਨ ਤੇ ਹਰ ਜ਼ਿਲ੍ਹੇ ਵਿੱਚ ਇਨ੍ਹਾਂ ਦੀ ਗਿਣਤੀ 25 ਤੋਂ 30 ਦੇ ਕਰੀਬ ਹੈ। ਇਕੱਲੇ ਮੁਹਾਲੀ ਵਿੱਚ 37 ਪੇਂਡੂ ਡਿਸਪੈਂਸਰੀਆਂ ਕਾਰਜਸ਼ੀਲ ਹਨ।

ਇੱਕ ਹੋਰ ਖ਼ਬਰ ਮੁਤਾਬਕ ਡੇਰਾਬੱਸੀ ਦੇ ਸਿਵਲ 'ਚ ਪਿਛਲੇ 2 ਮਹੀਨੇ ਤੋਂ X-Ray ਫਿਲਮਾਂ ਖ਼ਤਮ ਹਨ ਤੇ ਅਲਟਰਾਸਾਊਂਡ ਮਸ਼ੀਨ ਖ਼ਰਾਬ ਹੈ ਜਿਸ ਕਰਕੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਇਲਾਵਾ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪਿਛਲੇ 4 ਮਹੀਨਿਆਂ ਤੋਂ ਕਿਤਾਬਾਂ ਨਹੀਂ ਮਿਲੀਆਂ, ਜਿਸ ਕਰਕੇ ਬੱਚੇ ਵੀ ਪੜ੍ਹਾਈ ਤੋਂ ਵਾਂਝੇ ਹਨ। ਪੰਜਾਬ 'ਚ ਹਰ ਰੋਜ਼ ਚਿੱਟੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।