Punjab News: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਜਮ ਕੇ ਬਹਿਸ ਹੋਈ। ਇਸ ਦੌਰਾਨ ਵਿਰੋਧੀ ਧਿਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ ਉੱਤੇ ਇਤਰਾਜ਼ ਵੀ ਜ਼ਾਹਰ ਕੀਤਾ। ਹਾਲਾਂਕਿ ਇਸ ਦੌਰਾਨ ਮੁੱਖ ਮੰਤਰੀ ਵੱਲੋਂ ਰੇਤ ਮਾਫੀਏ ਨਾਲ ਚਰਨਜੀਤ ਸਿੰਘ ਚੰਨੀ ਦਾ ਨਾਂਅ ਜੋੜਿਆ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਮੈਂ ਦੱਸਾਂਗਾ ਕਿ ਕਿਹੜੇ-ਕਿਹੜੇ ਮਾਫ਼ੀਏ ਅਸੀਂ ਫੜੇ ਨੇ ਤੇ ਉਸ 'ਚ ਚੰਨੀ ਦਾ ਵੀ ਨਾਮ ਹੈ, ਕੁਝ ਇੱਥੇ ਰੇਤੇ ਦਾ ਨਾਮ ਸੁਣਕੇ ਮੂੰਹ ਘੁਮਾ ਲੈਂਦੇ ਹਨ। ਇਸ ਮੌਕੇ ਵਿਰੋਧੀ ਧਿਰ ਵੱਲੋਂ ਰੇਤ ਦੇ ਭਾਅ ਬਾਰੇ ਗੱਲ ਕੀਤਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਜੋ ਅਸੀਂ Public Mines ਚਲਾਈਆਂ, ਉਹ ਤੁਹਾਡੀ ਸਰਕਾਰ ਵੇਲ਼ੇ ਕਿਉਂ ਨਹੀਂ ਚੱਲੀਆਂ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ 5.50 ਰੁਪਏ ਫੁੱਟ ਰੇਤਾ ਮਿਲ ਰਿਹਾ ਹੈ।
ਭਗਵੰਤ ਮਾਨ ਨੂੰ ਮੰਗਣੀ ਚਾਹੀਦੀ ਹੈ ਮੁਆਫ਼ੀ
ਜ਼ਿਕਰ ਕਰ ਦਈਏ ਕਿ ਇਸ ਵਿਵਾਦ ਦੌਰਾਨ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਲੰਚ ਬਰੇਕ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ 'ਚ ਦੁਪਹਿਰ ਦੇ ਖਾਣੇ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਰਵੱਈਏ 'ਤੇ ਇਤਰਾਜ਼ ਜਤਾਇਆ ਹੈ। ਵਿਜੀਲੈਂਸ ਦੀ ਕਾਰਵਾਈ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਸਾਨੂੰ ਆਪਣੇ ਮਨ ਦੀ ਗੱਲ ਕਹਿਣ ਦੀ ਆਜ਼ਾਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਦਨ ਵਿੱਚ ਆ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ।
ਮੁੱਖ ਮੰਤਰੀ ਉੱਤੇ ਦਰਜ ਹੋਵੇ FIR
ਬਾਜਵਾ ਨੇ ਕਿਹਾ ਕਿ ਸੀਐਮ ਮਾਨ ਨੇ ਸਦਨ ਦੇ ਸਾਥੀਆਂ ਨੂੰ ਧਮਕੀ ਦਿੱਤੀ ਹੈ। ਜੇ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ ਕੁਝ ਹੋਇਆ ਜਾਂ ਕਿਸੇ ਨੂੰ ਟੱਕਰ ਵੱਜੀ ਜਾਂ ਗੋਲੀ ਮਾਰੀ ਗਈ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖਿਲਾਫ ਸਿੱਧੀ ਐਫ.ਆਈ.ਆਰ. ਦਰਜ ਹੋਵੇ। ਉਨ੍ਹਾਂ ਸੀਐਮ ਮਾਨ ਦੇ ਰਵੱਈਏ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਦਨ ਦੇ ਮੈਂਬਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।