Punjab News: ਭਗਵੰਤ ਮਾਨ ਸਰਕਾਰ ਹੁਣ ਅਕਾਲੀ ਦਲ ਦੇ ਲੀਡਰਾਂ ਖਿਲਾਫ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਦਲ ਸਰਕਾਰ ਵੇਲੇ ਜਨਤਾ ਦੇ ਪੈਸੇ ਦੀ ਬਰਬਾਦੀ ਹੋਈ ਹੈ। ਉਨ੍ਹਾਂ ਕਿਹਾ ਹੈ ਕਿ 2008 ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਬਾਰਡਰ 'ਤੇ 700 ਏਕੜ ਜ਼ਮੀਨ ਤੇ ਕਈ ਮਸ਼ੀਨਾਂ 32 ਕਰੋੜ ਰੁਪਏ ਵਿੱਚ ਖਰੀਦ ਕੇ ਸੜਨ ਲਈ ਛੱਡ ਦਿੱਤੀਆਂ ਗਈਆਂ ਸੀ। ਅਸੀਂ ਜਾਂਚ ਕਰਾਂਗੇ ਕਿ ਇਹ ਸਭ ਕਿਸ ਦੇ ਫਾਇਦੇ ਲਈ ਕੀਤਾ ਗਿਆ ਸੀ।


ਦੱਸ ਦਈਏ ਕਿ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਤਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ ਕੰਢੇ ’ਤੇ ਵਸਦੇ ਹਲਕਾ ਰਾਜਾਸਾਂਸੀ ਦੇ ਪਿੰਡ ਰਾਣੀਆਂ ਵਿੱਚ ਪੈਂਦੀ ਕੰਢਿਆਲੀ ਤਾਰ ਤੋਂ ਪਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਵੇਲੇ ਖੇਤੀਬਾੜੀ ਵਿਭਾਗ ਵੱਲੋਂ ਖਰੀਦੀ ਗਈ 700 ਏਕੜ ਜ਼ਮੀਨ ਦਾ ਦੌਰਾ ਕੀਤਾ।



ਜ਼ਮੀਨ ਦਾ ਦੌਰਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਲ 2008 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਖੇਤੀਬਾੜੀ ਮੰਤਰੀ ਰਹੇ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਨੇ ਬੀਜ ਫਾਰਮ ਲਈ 32 ਕਰੋੜ ਰੁਪਏ ਨਾਲ 700 ਏਕੜ ਜ਼ਮੀਨ ਖਰੀਦੀ ਸੀ। ਇਹ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੈ, ਜਿਸ ਦੀ ਖਰੀਦ ਸਾਢੇ ਚਾਰ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਗਈ ਸੀ।


ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਜਾਂਚ ਕਰਵਾਈ ਜਾਵੇਗੀ ਕਿ ਉਕਤ ਜ਼ਮੀਨ ਕਿਸ ‘ਸਕੀਮ’ ਤਹਿਤ ਖਰੀਦੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਸ ਵੇਲੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲੇ ਕਿਸਾਨਾਂ ਅਤੇ ਉਸ ਤੋਂ ਪਹਿਲਾਂ ਦੇ ਮਾਲਕ ਪਰਿਵਾਰਾਂ ਦਾ ਪਤਾ ਲਗਾਇਆ ਜਾਵੇਗਾ।


ਹ ਵੀ ਪੜ੍ਹੋ: Viral Video: ਸਟਾਈਲ ਮਾਰਨਾ ਪਿਆ ਭਾਰੀ... ਗੇਂਦ ਵਾਂਗ ਉਛਲ ਬੋਨਟ 'ਤੇ ਡਿੱਗਿਆ ਵਿਅਕਤੀ, ਬਾਈਕ ਵੀ ਉੱਡੀ


ਉਨ੍ਹਾਂ ਕਿਹਾ ਕਿ ਇਸ ਜ਼ਮੀਨ ਵਿੱਚ ਪਾਣੀ ਲਈ 30 ਸਬਮਰਸੀਬਲ ਟਿਊਬਵੈੱਲ ਲਗਵਾਉਣ, ਬਿਜਲੀ ਤੇ ਖੇਤੀਬਾੜੀ ਸੰਦ ਜਿਵੇਂ ਟਰੈਕਟਰ, ਜੈਨਰੇਟਰ ਤੇ ਹੋਰ ਮਸ਼ੀਨਰੀ ਆਦਿ ਦੀ ਖਰੀਦ ’ਤੇ ਵੀ ਲਗਪਗ 8 ਕਰੋੜ ਰੁਪਏ ਦਾ ਖਰਚਾ ਹੋਇਆ ਹੈ, ਪਰ ਹੁਣ ਤੱਕ ਇਹ ਜ਼ਮੀਨ ਬੰਜਰ ਪਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨੋਟਿਸ ਵਿੱਚ ਲਿਆ ਕੇ ਕੇਂਦਰ ਸਰਕਾਰ ਨਾਲ ਤਾਲਮੇਲ ਮਗਰੋਂ ਜ਼ਮੀਨ ਦੀ ਢੁਕਵੀਂ ਵਰਤੋਂ ਕੀਤੀ ਜਾਵੇਗੀ।