ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਧਰਨਾ ਸਮਾਪਤ ਕਰਕੇ ਹੁਣ ਕਿਸਾਨ ਹੋਰ ਮੰਗਾਂ ਨੂੰ ਲੈ ਕੇ ਰੇਲ ਪਟੜੀਆਂ 'ਤੇ ਬੈਠ ਗਏ ਹਨ। ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਹੈ। ਕਿਸਾਨ ਜੰਡਿਆਲਾ-ਮਾਨਵਾਲਾ ਟਰੈਕ, ਜਲੰਧਰ-ਪਠਾਨਕੋਟ ਰੇਲ ਟਰੈਕ, ਟਾਂਡਾ ਉੜਮੁੜ ਫ਼ਿਰੋਜ਼ਪੁਰ ਰੇਲ ਟਰੈਕ ਤੇ ਅੰਮ੍ਰਿਤਸਰ-ਖੇਮਕਰਨ ਰੇਲ ਟਰੈਕ 'ਤੇ ਬੈਠੇ ਹਨ, ਜਿਸ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।


ਉੱਤਰੀ ਰੇਲਵੇ ਮੁਤਾਬਕ ਰੋਲ ਰੋਕੋ ਅੰਦੋਲਨ ਕਾਰਨ 247 ਪੈਸੇਂਜਰ ਤੇ ਮੇਲ ਤੇ ਐਕਸਪ੍ਰੈਸ ਟਰੇਨਾਂ ਪ੍ਰਭਾਵਿਤ ਹੋਈਆਂ ਹਨ। 91 ਮੇਲ ਤੇ ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰਨਾ ਪਿਆ ਹੈ, ਜਦਕਿ 72 ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਹੋਰ ਸ਼ਹਿਰਾਂ ਤੋਂ 41 ਟ੍ਰੇਨਾਂ ਚਲਾਈਆਂ ਤੇ ਰੋਕੀਆਂ ਜਾ ਰਹੀਆਂ ਹਨ। ਪੈਸੇਂਜਰ ਟ੍ਰੇਨਾਂ ਦੀ ਗੱਲ ਕਰੀਏ ਤਾਂ 42 ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ ਇੱਕ ਨੂੰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।


ਕਿਸਾਨ ਮਜ਼ਦੂਰ ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤਕ ਇਹ ਸੰਘਰਸ਼ ਜਾਰੀ ਰਹੇਗਾ। ਅਜੇ ਤਕ ਕਿਸਾਨਾਂ ਦੀਆਂ ਕਈ ਮੰਗਾਂ ਨਹੀਂ ਮੰਨੀਆਂ ਗਈਆਂ। ਉਨ੍ਹਾਂ ਦੀਆਂ ਮੁੱਖ ਮੰਗਾਂ ਕਿਸਾਨਾਂ ਦੀ ਕਰਜ਼ਾ ਮਾਫ਼ੀ, ਅੰਦੋਲਨ 'ਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀਆਂ ਸਮੇਤ ਹੋਰ ਸ਼ਾਮਲ ਹਨ।


ਰੇਲ ਗੱਡੀਆਂ ਅੱਜ ਵੀ ਪ੍ਰਭਾਵਿਤ ਰਹਿਣਗੀਆਂ


ਪਟੜੀ 'ਤੇ ਬੈਠੇ ਕਿਸਾਨਾਂ ਕਾਰਨ ਪੰਜਾਬ ਨੂੰ ਆਉਣ ਜਾਂ ਜਾਣ ਵਾਲੀਆਂ ਰੇਲ ਗੱਡੀਆਂ ਤੋਂ ਇਲਾਵਾ ਸੂਬੇ 'ਚੋਂ ਲੰਘਣ ਵਾਲੀਆਂ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ। 91 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇੰਨਾ ਹੀ ਨਹੀਂ ਕਈ ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਨੂੰ ਸਬੰਧਤ ਸਟੇਸ਼ਨਾਂ ਤੋਂ ਹੀ ਰਵਾਨਾ ਕੀਤਾ ਜਾਵੇਗਾ।



ਇਹ ਵੀ ਪੜ੍ਹੋ: Bikram Majithia Underground: ਪੁਲਿਸ ਨੂੰ ਝਕਾਨੀ ਦੇ ਅੰਡਰਗਰਾਊਂਡ ਹੋਇਆ ਬਿਕਰਮ ਮਜੀਠੀਆ, ਹੁਣ ਕਿਸੇ ਵੇਲੇ ਵੀ ਹੋ ਸਕਦੀ ਗ੍ਰਿਫਤਾਰੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904