ਚੰਡੀਗੜ੍ਹ: ਕਈ ਦਿਨਾਂ ਤੋਂ ਵਿਰੋਧੀਆਂ ਦੇ ਨਾਲ-ਨਾਲ ਆਪਣਿਆਂ ਵੱਲੋਂ 'ਭੰਡੇ' ਜਾ ਰਹੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਵਾਸੀ ਭਾਰਤੀ ਡਟ ਗਏ ਹਨ। ਪ੍ਰਵਾਸੀ ਭਾਰਤੀਆਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਪੱਤਰ ਲਿਖ ਡਾ. ਬਲਬੀਰ ਸਿੰਘ ਨੂੰ ਅਹੁਦਿਓਂ ਹਟਾਏ ਜਾਣ ਦੀ ਮੰਗ ਵੀ ਕੀਤੀ ਹੈ।

 

ਪਾਰਟੀ ਦੀਆਂ ਅਮਰੀਕਾ, ਕੈਨੇਡਾ, ਸਮੁੱਚੇ ਯੂਰਪ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਪ੍ਰਵਾਸੀ ਭਾਰਤੀ ਟੀਮਾਂ ਨੇ ਸਿਸੋਦੀਆ ਨੂੰ ਪੱਤਰ ਲਿਖ ਕੇ ਖਹਿਰਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਐਨਆਰਆਈਜ਼ ਦਾ ਕਹਿਣਾ ਹੈ ਕਿ ਖਹਿਰਾ ਨੇ ਸਿੱਖਾਂ ਨਾਲ ਹੋਏ ਧੱਕੇ ਬਾਰੇ ਜਾਇਜ਼ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਹੈ ਕਿ ਖਹਿਰਾ ਨੇ ਭਾਰਤੀ ਹੋਣ ਤੇ ਭਾਰਤੀ ਸੰਵਿਧਾਨ ਪ੍ਰਤੀ ਪ੍ਰਤੀਬੱਧਤਾ ਦਰਸਾਉਂਦਿਆਂ ਸਿੱਖਾਂ ਦੀ ਮੰਗ ਨੂੰ ਜਾਇਜ਼ ਠਹਿਰਾਉਣ ਦੀ ਹਿੰਮਤ ਵਿਖਾਈ ਹੈ।

ਉਨ੍ਹਾਂ ਆਪਣੀ ਚਿੱਠੀ ਵਿੱਚ ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਬਲਬੀਰ ਸਿੰਘ ਨੂੰ ਖ਼ਬਰਾਂ ਵਿੱਚ ਖਹਿਰਾ ਦਾ ਪ੍ਰਤੀਕਰਮ ਸੁਣੇ ਬਗ਼ੈਰ ਉਨ੍ਹਾਂ ਬਾਰੇ ਮੀਡੀਆ ਵਿੱਚ 'ਭੜਾਸ' ਕੱਢਣ ਕਰਕੇ ਤੇ ਸ਼ਾਹਪੁਰ ਜ਼ਿਮਨੀ ਚੋਣ ਵਿੱਚ ਪਾਰਟੀ ਨੂੰ 1,100 ਵੋਟਾਂ ਨਾਲ ਸ਼ਰਮਨਾਕ ਹਾਰ ਦਿਵਾਉਣ ਕਰਕੇ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।

ਬਲਬੀਰ ਸਿੰਘ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਦਾਅਵਾ ਕੀਤਾ ਸੀ ਕਿ ਸਿੱਖ ਰੈਫਰੰਡਮ ਬਾਰੇ ਉਨ੍ਹਾਂ ਖਹਿਰਾ ਦਾ ਪ੍ਰਤੀਕਰਮ ਜਾਣਨ ਲਈ ਪੰਜ ਵਾਰ ਫ਼ੋਨ ਕੀਤਾ ਸੀ, ਪਰ ਉਨ੍ਹਾਂ ਜਵਾਬ ਨਹੀਂ ਦਿੱਤਾ।