ਚੰਡੀਗੜ੍ਹ: ਮੋਦੀ ਸਰਕਾਰ ਦੇ ਹੁਕਮ 'ਤੇ ਭਗਵੰਤ ਮਾਨ ਸਰਕਾਰ ਨੇ ਕਰੋੜਾਂ ਰੁਪਏ ਦੇ ਤਿਰੰਗੇ ਵੇਚੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਕਰੀਬਨ ਪੰਜ ਕਰੋੜ ਰੁਪਏ ਦੇ ਝੰਡੇ ਵੇਚੇ ਗਏ ਹਨ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਤਹਿਤ ਕਈ ਦਿਨਾਂ ਤੋਂ ਸਰਕਾਰੀ ਵਿਭਾਗਾਂ ਵੱਲੋਂ ਲੋਕਾਂ ਨੂੰ ਤਿਰੰਗੇ ਵੰਡੇ ਗਏ ਹਨ। ਕੇਂਦਰ ਵੱਲੋਂ ਪੰਜਾਬ ਨੂੰ ਕਰੀਬ 30 ਲੱਖ ਝੰਡੇ ਵੇਚਣ ਦਾ ਟੀਚਾ ਦਿੱਤਾ ਗਿਆ ਸੀ, ਜਿਸ ’ਚੋਂ ਪੰਜਾਬ ਨੇ 25 ਲੱਖ ਤੋਂ ਵੱਧ ਤਿਰੰਗੇ ਵੰਡੇ ਹਨ। ਸਮੁੱਚੇ ਦੇਸ਼ ਵਿੱਚ 13 ਅਗਸਤ ਤੋਂ 15 ਅਗਸਤ ਤੱਕ ਹਰ ਘਰ ’ਤੇ ਤਿਰੰਗਾ ਲਹਿਰਾਉਣ ਦੀ ਮੁਹਿੰਮ ਚਲਾਈ ਗਈ ਹੈ।


ਵੇਰਵਿਆਂ ਅਨੁਸਾਰ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕਿਧਰੇ ਵੀ ਲੋਕਾਂ ਨੂੰ ਮੁਫ਼ਤ ਵਿੱਚ ਝੰਡੇ ਨਹੀਂ ਵੰਡੇ ਗਏ। ਤਿਰੰਗੇ ਸਬੰਧੀ ਕੇਂਦਰ ਸਰਕਾਰ ਵੱਲੋਂ ਤਿੰਨ ਤਰ੍ਹਾਂ ਦੀ ਕੀਮਤ ਤੈਅ ਕੀਤੀ ਗਈ ਸੀ। ਛੋਟੇ ਝੰਡੇ ਦਾ ਮੁੱਲ 9 ਰੁਪਏ, ਦਰਮਿਆਨੇ ਦਾ 18 ਤੇ ਵੱਡੇ ਝੰਡੇ ਦਾ ਮੁੱਲ 25 ਰੁਪਏ ਨੀਯਤ ਕੀਤਾ ਗਿਆ ਸੀ। ਇਸ ਦਾ ਨੋਡਲ ਦਫ਼ਤਰ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਬਣਾਇਆ ਗਿਆ ਸੀ। ਇਨ੍ਹਾਂ ਦਫ਼ਤਰਾਂ ਵੱਲੋਂ ਬਠਿੰਡਾ ਤੇ ਜਲੰਧਰ ਵਿੱਚ ਦੋ ਸੈਂਟਰ ਬਣਾਏ ਗਏ ਸੀ, ਜਿਥੋਂ ਅੱਗੇ ਬਾਕੀ ਜ਼ਿਲ੍ਹਿਆਂ ਨੂੰ ਝੰਡੇ ਵੰਡੇ ਗਏ। 


ਜਲੰਧਰ ਕੇਂਦਰ ਨੂੰ 13 ਲੱਖ ਤੇ ਬਠਿੰਡਾ ਕੇਂਦਰ ਨੂੰ 10.96 ਲੱਖ ਝੰਡੇ ਵੰਡੇ ਗਏ ਸਨ। ਜਲੰਧਰ ਜ਼ਿਲ੍ਹੇ ਨੂੰ 1.86 ਲੱਖ ਝੰਡੇ ਦਿੱਤੇ ਗਏ ਤੇ ਅੱਗੇ ਇਹ ਝੰਡੇ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇਦਾਰਾਂ ਨੂੰ ਦਿੱਤੇ ਗਏ। ਸਭ ਤੋਂ ਵੱਧ 2.48 ਲੱਖ ਝੰਡੇ ਜ਼ਿਲ੍ਹਾ ਲੁਧਿਆਣਾ ਨੂੰ ਦਿੱਤੇ ਗਏ, ਜਦਕਿ ਅੰਮ੍ਰਿਤਸਰ ਜ਼ਿਲ੍ਹੇ ਨੂੰ 2.01 ਲੱਖ ਝੰਡੇ ਦਿੱਤੇ ਗਏ। ਇਸ ਤੋਂ ਇਲਾਵਾ ਕਰੀਬ ਛੇ ਲੱਖ ਝੰਡੇ ਲੋਕਾਂ ਨੂੰ ਸਿੱਧੇ ਤੌਰ ’ਤੇ ਵੇਚੇ ਗਏ। ਸਰਕਾਰੀ ਵਿਭਾਗਾਂ ਨੂੰ 15 ਲੱਖ ਝੰਡੇ ਦਿੱਤੇ ਗਏ। ਮਿੱਥੀ ਕੀਮਤ ਦੇ ਹਿਸਾਬ ਨਾਲ ਇਨ੍ਹਾਂ ਝੰਡਿਆਂ ਤੋਂ ਕਰੀਬ ਪੰਜ ਕਰੋੜ ਰੁਪਏ ਦੀ ਵਿੱਕਰੀ ਹੋਈ।  


ਪੰਜਾਬ ਦੇ ਥਾਣਿਆਂ, ਤਹਿਸੀਲਾਂ, ਹਸਪਤਾਲਾਂ ਤੇ ਸਰਕਾਰੀ ਦਫ਼ਤਰਾਂ ਵਿੱਚ ਅਫ਼ਸਰਾਂ ਤੇ ਮੁਲਾਜ਼ਮਾਂ ਵੱਲੋਂ ਝੰਡੇ ਵੰਡੇ ਗਏ। ਪੰਜਾਬ ਦੇ ਕਈ ਹਸਪਤਾਲਾਂ ਵਿੱਚ ਓਪੀਡੀ ਵਾਲੀ ਖਿੜਕੀ ’ਤੇ ਮਰੀਜ਼ਾਂ ਨੂੰ ਝੰਡੇ ਵੇਚੇ ਗਏ। ਪੰਚਾਇਤਾਂ ਤੇ ਸਕੂਲਾਂ ਲਈ ਕੋਟੇ ਤੈਅ ਕਰਕੇ ਝੰਡੇ ਦਿੱਤੇ ਗਏ।