ਚੰਡੀਗੜ੍ਹ : ਕਿਸੇ ਸਮਾਜ ਦਾ ਵਿਕਾਸ ਸਿੱਖਿਆ ਉੱਤੇ ਨਿਰਭਰ ਕਰਦਾ ਹੈ। ਅੱਜ ਤੱਕ ਦੀਆਂ ਸਾਡੀਆਂ ਸਰਕਾਰਾਂ ਨੇ ਸਿੱਖਿਆ ਬਾਰੇ ਸੰਵੇਦਨਸ਼ੀਲਤਾ ਹੀ ਪ੍ਰਗਟ ਨਹੀਂ ਕੀਤੀ। ਕੇਂਦਰ ਸਰਕਾਰ ਵਿੱਚ ਅਜੇ ਤੱਕ ਵੀ ਸਿੱਖਿਆ ਮੰਤਰੀ ਨਹੀਂ ਬਣਦਾ ਹੈ ਬਲਕਿ ਐੱਚਆਰਡੀ ਮੰਤਰੀ ਹੀ ਸਿੱਖਿਆ ਨੂੰ ਵੇਖਦਾ ਹੈ। ਸੂਬਾ ਸਰਕਾਰ ਸਿੱਖਿਆ ਮੰਤਰੀ ਲਾਉਂਦੀਆ ਹਨ ਪਰ ਸਿੱਖਿਆ ਨੂੰ ਵਿਸ਼ੇਸ਼ ਤਵੱਜੋਂ ਨਹੀਂ ਦਿੰਦੀਆਂ ਹਨ ਸੋ ਜੇਕਰ ਸਰਕਾਰਾਂ ਕੁਸ਼ਲ ਅਤੇ ਟਿਕਾਊ ਸਿੱਖਿਆ ਮੰਤਰੀ ਹੀ ਨਹੀਂ ਲਗਾਉਣਗੀਆਂ ਤਾਂ ਸਿੱਖਿਆ ਦਾ ਪੱਧਰ ਕਿਹੋ ਜਿਹਾ ਹੋਵੇਗਾ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਬਦਲਾਅ ਦੇ ਨਾਅਰੇ ਤੇ ਸਿੱਖਿਆ ਸੁਧਾਰਾਂ ਦੇ ਹੋਕੇ ਮਾਰ ਕੇ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਸਿੱਖਿਆ ਲਈ ਇਕ ਵਿਸ਼ੇਸ਼ ਮੰਤਰੀ ਲਾਉਣ ਦੀ ਜਿੰਮੇਵਾਰੀ ਤੋਂ ਭੱਜ ਚੁੱਕੀ ਹੈ ਤੇ ਇਸ ਸਰਕਾਰ ਨੇ ਪਹਿਲਾਂ ਹੀ ਜੇਲ੍ਹ, ਮਾਈਨਿੰਗ ਜਿਹੇ ਵੱਡੇ ਵਿਭਾਗਾਂ ਦੇ ਮੰਤਰੀ ਨੂੰ ਸਿੱਖਿਆ ਦਾ ਚਾਰਜ ਦੇ ਕੇ ਡੰਗ ਟਪਾਊ ਨੀਤੀ ਅਪਣਾਈ ਹੈ ।

ਉਕਤ ਵਿਚਾਰ ਪੰਜਾਬ ਅੰਦਰ ਸਿੱਖਿਆ ਮੰਤਰੀਆਂ ਦੇ ਲਗਾਤਾਰ ਕੀਤੇ ਜਾਂਦੇ ਬਦਲਾਅ ਉੱਤੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਸਿੱਖਿਆ ਤੇ ਸਿਹਤ ਉਹ ਵਿਭਾਗ ਹਨ ,ਜਿੱਥੇ ਦੋ ਵੱਖੋ ਵੱਖ ਤਜਰਬੇਕਾਰ ਮਾਹਿਰ ਲਗਾਉਣ ਦੀ ਲੋੜ ਹੈ। ਇੱਕ ਮੰਤਰੀ ਕੋਲ ਸਿਰਫ ਸਿੱਖਿਆ ਵਿਭਾਗ ਹੀ ਹੋਣਾ ਚਾਹੀਦਾ ਨਾ ਕਿ ਅੱਧੀ ਦਰਜ਼ਨ ਦੇ ਕਰੀਬ ਹੋਰ ਵਿਭਾਗ ਵੀ ਨਾਲੋ ਨਾਲ ਦੇ ਕੇ ਕੰਮ ਦਾ ਬੋਝ ਲੱਦਿਆ ਜਾਵੇ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਪ੍ਰਤੀ ਹਮੇਸ਼ਾ ਹੀ ਗੈਰ- ਸੰਜੀਦਗੀ ਵਿਖਾਈ ਹੈ। ਕਿਸੇ ਵੀ ਸਰਕਾਰ ਨੇ ਪੂਰੇ ਪੰਜ ਸਾਲ ਲਈ ਇਕ ਮੰਤਰੀ ਨੂੰ ਜਿੰਮੇਵਾਰੀ ਨਹੀਂ ਸੌਂਪੀ। ਜਿਸਦਾ ਖਮਿਆਜ਼ਾ ਹੋਰਨਾਂ ਮੁਲਾਜ਼ਮਾਂ ਵਾਂਗ ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ਨੂੰ ਭੁਗਤਣਾ ਪੈਂਦਾ ਹੈ ।


ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਵਿਚ ਅਰੁਣਾ ਚੌਧਰੀ, ਓ.ਪੀ ਸੋਨੀ, ਵਿਜੇ ਇੰਦਰ ਸਿੰਗਲਾ ਅਤੇ ਪ੍ਰਗਟ ਸਿੰਘ ਸਮੇਤ 4 ਸਿੱਖਿਆ ਮੰਤਰੀ ਬਣਾਏ ਸਨ। ਜਿਸਦਾ ਬੇਰੁਜ਼ਗਾਰਾਂ ਨੇ ਨੁਕਸਾਨ ਇਹ ਝੱਲਿਆ ਕਿ ਜਦੋਂ ਤੱਕ ਬੇਰੁਜ਼ਗਾਰਾਂ ਦਾ ਮਸਲਾ ਕਿਸੇ ਮੰਤਰੀ ਦੇ ਧਿਆਂਨ ਵਿੱਚ ਆਉਂਦਾ ਰਿਹਾ,ਉਦੋਂ ਨੂੰ ਸਿੱਖਿਆ ਮੰਤਰੀ ਬਦਲ ਦਿੱਤਾ ਜਾਂਦਾ ਰਿਹਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ,ਪਿਛਲੀਆਂ ਸਰਕਾਰਾਂ ਦੀਆਂ ਅਜਿਹੀਆਂ ਨੀਤੀਆਂ ਦਾ ਵਿਰੋਧ ਕਰਦੀ ਰਹੀ ਪਰ ਹੁਣ ਖੁਦ 3 ਮਹੀਨੇ ਵਿੱਚ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਬਦਲ ਕੇ ਸਿੱਖਿਆ ਬਾਬਤ ਲਾਪਰਵਾਹੀ ਦਾ ਸਬੂਤ ਦਿੱਤਾ ਹੈ।


ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਸਿਰਫ ਇਕੱਲਾ ਇਕੋ ਮੰਤਰੀ ਕੋਲ ਹੋਵੇ ਅਤੇ 5 ਸਾਲ ਲਈ ਇੱਕੋ ਮੰਤਰੀ ਨੂੰ ਸਿਦਕ ਦਿਲੀ ਨਾਲ ਕਾਰਜ ਕਰਨ ਲਈ ਜਵਾਬਦੇਹ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਾਈਨਿੰਗ, ਜੇਲ੍ਹਾਂ ਅਤੇ ਵਾਟਰ ਰੀਸੋਰਸ ਵਰਗੇ ਮਹਿਕਮਿਆਂ ਸਮੇਤ ਨਵੇ ਸਿੱਖਿਆ ਮੰਤਰੀ ਹਰਜੀਤ ਬੈਂਸ ਸਿੱਖਿਆ ਨਾਲ ਇਨਸਾਫ਼ ਨਹੀਂ ਕਰ ਸਕਣਗੇ। ਉਹਨਾਂ ਕਿਹਾ ਕਿ ਹਰੇਕ ਮੰਤਰੀ ਕੋਲ ਘੱਟ ਤੋਂ ਘੱਟ ਵਿਭਾਗ ਹੋਣੇ ਚਾਹੀਦੇ ਹਨ। ਸਾਰੇ 17 ਕੈਬਨਿਟ ਮੰਤਰੀ ਬਣਾਏ ਜਾਣੇ ਜਰੂਰੀ ਕੀਤੇ ਜਾਣ ਤਾਂ ਕਿ ਹਰੇਕ ਵਿਭਾਗ ਲਈ ਢੁਕਵਾਂ ਸਮਾਂ ਅਤੇ ਧਿਆਨ ਦਿੱਤਾ ਜਾ ਸਕੇ।


ਉਨ੍ਹਾਂ ਪਿਛਲੀਆਂ ਸਰਕਾਰਾਂ ਉੱਤੇ ਅਜਿਹੀ ਪਿਰਤ ਪਾਉਣ ਦੇ ਦੋਸ਼ ਲਗਾਏ। ਉਹਨਾਂ ਤਰਕ ਦਿੱਤਾ ਕਿ ਜਦੋਂ ਤੱਕ ਪੂਰਾ ਧਿਆਨ ਦੇ ਕੇ ਕਿਸੇ ਵਿਭਾਗ ਦੀਆਂ ਸਮੱਸਿਆਵਾਂ ਨੂੰ ਸਮਝਿਆ ਨਹੀਂ ਜਾਂਦਾ ਤਾਂ ਉਦੋਂ ਤੱਕ ਹੱਲ ਕੱਢਣ ਬਾਰੇ ਕਿਆਸ ਹੀ ਨਹੀਂ ਕੀਤਾ ਜਾ ਸਕਦਾ। ਜਿਸਦਾ ਖਮਿਆਜ਼ਾ ਤਾਜ਼ਾ ਦਸਵੀਂ ਅਤੇ ਬਾਰਵੀਂ ਜਮਾਤ ਦੇ ਆਏ ਨਤੀਜਿਆਂ ਤੋਂ ਵੇਖਣ ਨੂੰ ਮਿਲਦਾ ਹੈ। ਜਿਸ ਵਿਚ ਮਾਤ ਭਾਸ਼ਾ ਪੰਜਾਬੀ ਵਿੱਚੋ ਵੱਡੀ ਗਿਣਤੀ ਵਿਦਿਆਰਥੀ ਫੇਲ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਕੋਈ ਪ੍ਰਯੋਗ ਦੀ ਮੁਥਾਜ ਨਹੀਂ ਕਿ ਪ੍ਰਯੋਗ ਕਰ ਕੇ ਵੇਖੇ ਜਾਣ, ਪਿਛਲੀਆਂ ਸਰਕਾਰਾਂ ਵੱਲੋਂ  ਸਮਾਜਿਕ ਸਿੱਖਿਆ ਵਿਸ਼ਾ ਵੀ ਅੰਗਰੇਜ਼ੀ ਅਧਿਆਪਕਾਂ ਕੋਲੋ ਪੜਾਉਣ ਬਾਰੇ ਸਾਬਕਾ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਖੁਦ ਕਬੂਲ ਕੀਤਾ ਹੈ ਕਿ ਸਿੱਖਿਆ ਵਿਭਾਗ ਵਿੱਚ ਸਾਰਾ ਕੁਝ ਸਹੀ ਨਹੀਂ। ਭਾਵੇਂ ਉਹ ਖੁਦ ਵੀ ਕਰੀਬ ਤਿੰਨ ਮਹੀਨੇ ਨਾਕਾਮ ਸਿੱਖਿਆ ਮੰਤਰੀ ਰਹੇ ਹਨ। ਉਹਨਾਂ ਨੇ ਪੰਜਾਬ ਦੀ ਸਿਖਿਆ ਨੂੰ ਸੁਧਾਰਨ ਜਾਂ ਚੱਲ ਰਹੀ ਭਰਤੀ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਕੋਈ ਉਪਰਾਲਾ ਨਹੀਂ ਕੀਤਾ।


ਬੇਰੁਜ਼ਗਾਰ ਆਗੂਆਂ ਨੇ ਦੱਸਿਆ ਕਿ ਉਹਨਾਂ ਰੁਜ਼ਗਾਰ ਮੰਗਦੇ ਹੋਏ ਸਮੁੱਚਾ ਪੰਜਾਬ ਗਾਹ ਸੁੱਟਿਆ ਹੈ। ਬੇਰੁਜ਼ਗਾਰਾਂ ਨੇ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਦੇ ਚਾਰੇ ਸਿੱਖਿਆ ਮੰਤਰੀਆਂ ਅਰੁਣਾ ਚੌਧਰੀ, ਓਪੀ ਸੋਨੀ, ਵਿਜੇ ਇੰਦਰ ਸਿੰਗਲਾ ਅਤੇ ਪ੍ਰਗਟ ਸਿੰਘ ਦੇ ਹਲਕਿਆਂ ਅਤੇ ਕੋਠੀਆਂ ਅੱਗੇ ਪ੍ਰਦਰਸ਼ਨ ਕੀਤੇ ਹਨ। ਹੁਣ ਨਵੀਂ ਸਰਕਾਰ ਦੇ ਸਿੱਖਿਆ ਮੰਤਰੀ ਮੀਤ ਹੇਅਰ ਵੱਲੋ ਬੇਧਿਆਨੀ ਕਰਨ ਕਰਕੇ ਬਰਨਾਲਾ ਵਿਖੇ ਸੰਘਰਸ਼ ਕੀਤੇ ਹਨ। ਉਹਨਾਂ ਕਿਹਾ ਕਿ ਹੁਣ ਉਹ ਸ੍ਰੀ ਆਨੰਦਪੁਰ ਸਾਹਿਬ ਨੂੰ ਕੂਚ ਕਰਨਗੇ। ਇਸ ਮੌਕੇ ਗਗਨਦੀਪ ਕੌਰ, ਅਮਨ ਸੇਖਾ,ਸੰਦੀਪ ਸਿੰਘ ਗਿੱਲ, ਬਲਰਾਜ ਸਿੰਘ ਮੌੜ, ਬਲਕਾਰ ਸਿੰਘ ਮਾਘਾਨੀਆਂ, ਗੁਰਪ੍ਰੀਤ ਸਿੰਘ ਪੱਕਾ,ਰਛਪਾਲ ਸਿੰਘ ਜਲਾਲਾਬਾਦ,ਲਖਵਿੰਦਰ ਸਿੰਘ ਮੁਕਤਸਰ, ਕੁਲਵੰਤ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।