Punjab News: ਸੋਸ਼ਲ ਮੀਡੀਆ ਉੱਤੇ ਠੱਗੀ ਦੇ ਕਈ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਹੁਣ ਤੱਕ ਕਈ ਲੋਕ ਇਸ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ ਨੇ ਫੇਸਬੁੱਕ ਉੱਤੇ ਖ਼ੁਦ ਨੂੰ ਲੰਡਨ ਦੀ ਦੱਸ ਕੇ ਉਸ ਨਾਲ ਵਿਆਹ ਕਰਵਾਉਣ ਤੇ ਬਾਹਰ ਲੈ ਕੇ ਜਾਣ ਦੇ ਸੁਫਨੇ ਦਿਖਾਏ ਤੇ ਇਸ ਦੌਰਾਨ ਉਸ ਤੋਂ 5 ਲੱਖ ਰੁਪਏ ਠੱਗ ਲਏ। ਇਸ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਕੁੜੀ ਦੇ ਸਾਰੇ ਨੰਬਰ ਬੰਦ ਆ ਰਹੇ ਹਨ ਜਿਸ ਤੋਂ ਬਾਅਦ ਮੁੰਡੇ ਨੇ ਪੁਲਿਸ ਪ੍ਰਸ਼ਾਸਨ ਅੱਗੇ ਕਾਰਵਾਈ ਦੀ ਮੰਗ ਕੀਤੀ ਤੇ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਬਚਣ ਦੀ ਅਪੀਲ ਕੀਤੀ ਹੈ।
ਦਰਅਸਲ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਪੱਖੋਕੇ ਟਾਹਲੀ ਸਾਹਿਬ ਦਾ ਇੱਕ ਨੌਜਵਾਨ ਰਾਜਾ ਮਸੀਹ ਵਿਦੇਸ਼ ਜਾਣ ਦੇ ਚੱਕਰ ਵਿੱਚ ਠੱਗੀ ਦਾ ਸ਼ਿਕਾਰ ਹੋ ਗਿਆ। ਨੌਜਵਾਨ ਮੁਤਾਬਕ, ਉਹ ਪਿੰਡ ਵਿੱਚ ਆਪਣਾ ਨਿੱਕੋ ਮੋਟਾ ਕਾਰੋਬਾਰ ਕਰਦਾ ਸੀ। ਇਸ ਦੌਰਾਨ ਅਚਾਨਕ ਉਸ ਨੂੰ ਫੇਸਬੁੱਕ ਉੱਤੇ ਇੱਕ ਕੁੜੀ ਦਾ ਮੈਸੇਜ ਆਇਆ ਕਿ ਉਹ ਕਾਫ਼ੀ ਸਮੇਂ ਤੋਂ ਲੰਡਨ ਵਿੱਚ ਰਹਿ ਰਹੀ ਹੈ ਤੇ ਉਸ ਨਾਲ ਦੋਸਤੀ ਕਰਨਾ ਚਾਹੁੰਦੀ ਹੈ। ਜਿਸ ਤੋਂ ਬਾਅਦ ਉਹ ਕੁੜੀ ਦੀਆਂ ਤਸਵੀਰਾਂ ਦੇਖ ਕੇ ਦੋਸਤੀ ਲਈ ਤਿਆਰ ਹੋ ਗਿਆ। ਇਸ ਤੋਂ ਬਾਅਦ ਲਗਾਤਾਰ ਦੋਵਾਂ ਵਿੱਚ ਚੈਟਿੰਗ ਹੋਣ ਲੱਗੀ ਤੇ ਇੱਕ ਦਿਨ ਕੁੜੀ ਨੇ ਉਸ ਨੂੰ ਵਿਆਹ ਲਈ ਪੁੱਛ ਗਿਆ ਤੇ ਕਿਹਾ ਕਿ ਉਹ ਛੇਤੀ ਹੀ ਉਸ ਨੂੰ ਲੰਡਨ ਸੱਦ ਲਵੇਗੀ। ਇਹ ਸਭ ਕਹਿ ਕੇ ਕੁੜੀ ਨੇ ਵਟਸਐਪ ਦੀ ਜ਼ਰੀਏ ਉਸ ਤੋਂ ਸਾਰੇ ਦਸਤਾਵੇਜ ਮੰਗਵਾਏ, ਜਿਸ ਤੋਂ ਬਾਅਦ ਉਸ ਨੂੰ ਯਕੀਨ ਹੋ ਗਿਆ ਕਿ ਉਹ ਛੇਤੀ ਹੀ ਵਿਦੇਸ਼ ਜਾਵੇਗਾ।
ਇਸ ਤੋਂ ਕੁਝ ਦਿਨਾਂ ਬਾਅਦ ਕੁੜੀ ਨੇ ਫੋਨ ਉੱਤੇ ਦੱਸਿਆ ਕਿ ਉਹ ਅਕਤੂਬਰ ਵਿੱਚ ਭਾਰਤ ਆਵੇਗੀ ਤੇ ਕੁਝ ਦਿਨਾਂ ਬਾਅਦ ਉਹ ਦੋਵੇਂ ਮਿਲ ਕੇ ਵਿਆਹ ਕਰ ਲੈਣਗੇ ਤੇ ਉਸ ਨੂੰ ਆਪਣੇ ਨਾਲ ਹੀ ਵਿਦੇਸ਼ ਲੈ ਜਾਵੇਗੀ। ਇਸ ਤੋਂ ਕੁਝ ਦਿਨਾਂ ਬਾਅਦ ਕੁੜੀ ਨੇ ਫੋਨ ਕਰਕੇ ਕਿਹਾ ਕਿ ਉਸ ਦਾ ਇੱਕ ਦੋਸਤ ਆ ਰਿਹਾ ਹੈ ਉਸ ਨੂੰ ਦੂਤਾਵਾਸ ਵਿੱਚ ਜਮਾਂ ਕਰਵਾਉਣ ਲਈ 5 ਲੱਖ ਰੁਪਏ ਦੇ ਦਿਓ ਤਾਂ ਕਿ ਛੇਤੀ ਤੋਂ ਛੇਤੀ ਵੀਜ਼ਾ ਮਿਲ ਸਕੇ।
ਇਸ ਤੋਂ ਬਾਅਦ ਮੁੰਡੇ ਨੇ ਕਾਰ ਵਿੱਚ ਆਏ 3 ਜਾਣਿਆਂ ਨੂੰ ਪੈਸੇ ਦੇ ਦਿੱਤੇ ਤਾਂ ਕਿ ਵੀਜ਼ਾ ਮਿਲ ਸਕੇ। ਇਸ ਤੋਂ ਬਾਅਦ ਉਹ ਘਰ ਵਾਪਸ ਆਇਆ। ਇਸ ਤੋਂ ਬਾਅਦ ਕੁੜੀ ਨੇ ਆਪਣੇ ਸਾਰੇ ਨੰਬਰ ਬੰਦ ਕਰ ਲਏ ਜਿਸ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਹੈ ਤੇ ਉਸ ਨੇ ਆਪਣੀ ਸਾਰੀ ਮਿਹਨਤ ਦੀ ਕਮਾਈ ਉਡਾ ਦਿੱਤੀ ਹੈ। ਇਸ ਤੋਂ ਬਾਅਦ ਪੀੜਤ ਲੜਕੇ ਨੇ ਪੁਲਿਸ ਅਧਿਕਾਰੀਆਂ ਕੋਲ ਇਨਸਾਫ਼ ਦੀ ਗੁਹਾਰ ਲਾਈ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹੋ ਜਿਹੇ ਠੱਗਾਂ ਤੋਂ ਦੂਰ ਰਿਹਾ ਜਾਵੇ।