Amritsar News: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅੱਜ ਵਿਜੀਲੈਂਸ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੂਜੇ ਪਾਸੇ ਇਸ ਨੂੰ ਸਿਆਸੀ ਰੰਜਿਸ਼ ਕਰਾਰ ਦਿੰਦਿਆਂ ਕਾਂਗਰਸੀਆਂ ਨੇ ਬਾਅਦ ਦੁਪਹਿਰ ਅੰਮ੍ਰਿਤਸਰ ਦੇ ਕਚਹਿਰੀ ਚੌਕ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਪੁਲਿਸ ਨੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।
ਦੱਸ ਦੇਈਏ ਕਿ ਐਤਵਾਰ ਨੂੰ ਵਿਜੀਲੈਂਸ ਨੇ ਸਾਬਕਾ ਡਿਪਟੀ ਸੀਐਮ ਸੋਨੀ ਨੂੰ 8 ਮਹੀਨਿਆਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਸੀ। ਸੋਨੀ 'ਤੇ ਦੋਸ਼ ਹਨ ਕਿ ਉਨ੍ਹਾਂ ਦੇ ਖਰਚੇ ਉਨ੍ਹਾਂ ਦੀ ਕਮਾਈ ਤੋਂ ਕਈ ਗੁਣਾ ਜ਼ਿਆਦਾ ਹੈ। 1 ਅਪ੍ਰੈਲ 2016 ਤੋਂ 31 ਮਾਰਚ 2022 ਤੱਕ ਸੋਨੀ ਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 4.52 ਕਰੋੜ ਰੁਪਏ ਸੀ, ਜਦਕਿ ਖਰਚਾ 12.48 ਕਰੋੜ ਰੁਪਏ ਸੀ। ਇਹ ਖਰਚਾ ਆਮਦਨ ਨਾਲੋਂ 7.96 ਕਰੋੜ ਰੁਪਏ ਵੱਧ ਸੀ। ਇਸ ਦੌਰਾਨ ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਤੇ ਬੇਟੇ ਰਾਘਵ ਸੋਨੀ ਦੇ ਨਾਂ 'ਤੇ ਜਾਇਦਾਦਾਂ ਵੀ ਖਰੀਦੀਆਂ।
ਵਿਜੀਲੈਂਸ ਦੀ ਕਾਰਵਾਈ ਤੋਂ ਨਾਰਾਜ਼ ਕਾਂਗਰਸੀਆਂ ਨੇ ਕਚਹਿਰੀ ਚੌਕ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸੀ ਧੜਿਆਂ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਇੱਕ ਵਜੇ ਕਚਹਿਰੀ ਚੌਕ ਦੇ ਗੇਟ ਨੰਬਰ 1 ਵਿਖੇ ਇਕੱਠੇ ਹੋ ਕੇ ਸਰਕਾਰ ਵੱਲੋਂ ਸਿਆਸੀ ਰੰਜਿਸ਼ ਵਾਲੇ ਕਦਮ ਚੁੱਕੇ ਜਾਣ ਦਾ ਵਿਰੋਧ ਕਰਨ। ਇਸ ਦੇ ਨਾਲ ਹੀ ਸੀਨੀਅਰ ਕਾਂਗਰਸੀ ਆਗੂਆਂ ਨੇ ਵੀ ਪੰਜਾਬ ਸਰਕਾਰ ਵੱਲੋਂ ਕੀਤੀ ਕਾਰਵਾਈ ਦਾ ਵਿਰੋਧ ਕੀਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ ਕਿ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਗ੍ਰਿਫ਼ਤਾਰੀ ਸੀਐਮ ਭਗਵੰਤ ਮਾਨ ਵੱਲੋਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਇੱਕ ਹੋਰ ਕੋਸ਼ਿਸ਼ ਹੈ। ਬਦਲਾਖੋਰੀ ਦੀ ਰਾਜਨੀਤੀ ਦਾ ਕਦੇ ਕੋਈ ਨਤੀਜਾ ਨਹੀਂ ਨਿਕਲਿਆ ਤੇ ਇਹ ਅਜਿਹੀ ਹੀ ਇੱਕ ਹੋਰ ਘਟਨਾ ਹੋਵੇਗੀ।
ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਟਵੀਟ ਕਰਕੇ ਸੋਨੀ ਦੀ ਗ੍ਰਿਫਤਾਰੀ ਨੂੰ ਨਿੰਦਣਯੋਗ ਦੱਸਿਆ ਹੈ। ਔਜਲਾ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਦੀ ਬਦਲਾਖੋਰੀ ਤਹਿਤ ਗ੍ਰਿਫਤਾਰੀ ਭਗਵੰਤ ਮਾਨ ਵੱਲੋਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਇੱਕ ਹੋਰ ਕੋਸ਼ਿਸ਼ ਹੈ। ਅਜਿਹੀਆਂ ਗ੍ਰਿਫਤਾਰੀਆਂ ਦਾ ਕਦੇ ਵੀ ਕੋਈ ਨਤੀਜਾ ਨਹੀਂ ਨਿਕਲ ਸਕਦਾ।