ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡਿਪਟੀ ਸੀ ਐੱਮ ਓ ਪੀ ਸੋਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਮੁੱਖ ਵਿਰੋਧੀ ਪਾਰਟੀ - ਕਾਂਗਰਸ ਪਾਰਟੀ ਦੇ ਆਗੂਆਂ ਦੇ ਅਕਸ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਵਿਜੀਲੈਂਸ ਬਿਊਰੋ ਸਮੇਤ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਲਈ ਤਿੱਖਾ ਹਮਲਾ ਕੀਤਾ।


ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਬਦਲਾਖੋਰੀ ਦੀ ਸਿਆਸਤ ਤੋਂ ਇਲਾਵਾ ਕੁਝ ਵੀ ਨਹੀਂ ਹੈ ਅਤੇ ਅਜਿਹੀਆਂ ਘਟੀਆ ਯੋਜਨਾਵਾਂ ਨਾਲ 'ਆਪ' ਸਰਕਾਰ ਆਪਣੀਆਂ ਨਾਕਾਮੀਆਂ ਅਤੇ ਝੂਠ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ।


"ਹੁਣ ਜਦੋਂ ਵੀ 'ਆਪ' ਸਰਕਾਰ 'ਤੇ ਲਗਾਤਾਰ ਹੋ ਰਹੀ ਬਾਰਸ਼ ਵਿੱਚ ਆਪਣੀ ਅਸਫਲਤਾ ਅਤੇ ਕੁਪ੍ਰਬੰਧਨ ਲਈ ਸਵਾਲ ਚੁੱਕੇ ਜਾ ਰਹੇ ਹਨ, ਤਾਂ ਉਹ ਵਿਰੋਧੀ ਪਾਰਟੀ ਦੇ ਆਗੂਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੰਦੀ ਹੈ। 'ਆਪ' ਦਾ ਇੱਕ ਪੈਟਰਨ ਹੈ, ਜਦੋਂ ਵੀ ਇਸ ਦੀ ਲੀਡਰਸ਼ਿਪ ਦੇ ਮੰਦੇ ਕੰਮ ਸਾਹਮਣੇ ਆਉਣੇ ਸ਼ੁਰੂ ਹੁੰਦੇ ਹਨ, ਤਾਂ ਉਹ ਵਿਰੋਧੀਆਂ 'ਤੇ ਕਾਰਵਾਈ ਸ਼ੁਰੂ ਕਰ ਦਿੰਦੇ ਹਨ", ਬਾਜਵਾ ਨੇ ਅੱਗੇ ਕਿਹਾ। 


ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ 'ਆਪ' ਦੇ ਸਪਸ਼ਟ ਤੋਰ 'ਤੇ ਦੋਹਰੇ ਮਾਪਦੰਡ ਹਨ। ਇੱਕ ਪਾਸੇ ਇਸ ਨੇ ਕਾਂਗਰਸ 'ਤੇ ਦੋਸ਼ ਲਾਇਆ ਅਤੇ ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ 'ਤੇ ਕਾਂਗਰਸ ਤੋਂ ਸਮਰਥਨ ਮੰਗਦੇ ਹਨ।


"ਇਹ ਨਾ ਸਿਰਫ਼ 'ਆਪ' ਪੰਜਾਬ ਦੇ ਆਗੂਆਂ, ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਸਮੇਤ ਫੌਜਾ ਸਿੰਘ ਸਰਾਰੀ, ਅਮਿਤ ਰਤਨ ਕੋਟਫੱਤਾ, ਵਿਜੇ ਸਿੰਗਲਾ, ਸਰਬਜੀਤ ਕੌਰ ਮਾਣੂੰਕੇ, ਲਾਲ ਚੰਦ ਕਟਾਰੁਚੱਕ ਅਤੇ ਸੁਰਿੰਦਰ ਕੰਬੋਜ (ਵਿਧਾਇਕ ਦੇ ਪਿਤਾ ਗੋਲਡੀ ਕੰਬੋਜ) ਹਨ, ਜੋ ਭ੍ਰਿਸ਼ਟਾਚਾਰ ਅਤੇ ਹੋਰ ਘਿਨਾਉਣੀ  ਕੰਮਾਂ ਕਰ ਕੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਪਰ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ 'ਆਪ' ਦੇ ਸੀਨੀਅਰ ਆਗੂਆਂ ਨੂੰ ਵੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਬਾਜਵਾ ਨੇ ਕਿਹਾ ਕਿ ਈਡੀ ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਉਨ੍ਹਾਂ ਦੀ ਪਤਨੀ ਸੀਮਾ ਅਤੇ ਹੋਰਾਂ ਦੀ 52 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਘਟਨਾ ਦਿੱਲੀ ਹਾਈ ਕੋਰਟ ਵੱਲੋਂ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸਿਸੋਦੀਆ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਇੱਕ ਦਿਨ ਬਾਅਦ ਆਈ ਹੈ।