Gurdaspur News : ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (AAP) ਦੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਦਾ ਪਿੰਡ ਕਾਨਾ ਵਿੱਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹ ਕੁਝ ਦਿਨ ਪਹਿਲਾਂ ਭਾਰੀ ਮੀਂਹ ਅਤੇ ਹੜ੍ਹਾਂ ਦੇ ਪਾਣੀ ਨਾਲ ਨੁਕਸਾਨੀਆਂ ਫ਼ਸਲਾਂ ਦਾ ਨਿਰੀਖਣ ਕਰਨ ਗਏ ਸੀ। ਇਸ ਦੌਰਾਨ ਕਿਸਾਨਾਂ ਨੇ ਆਮ ਆਦਮੀ ਪਾਰਟੀ ਮੁਰਦਾਬਾਦ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ।


ਸ਼ਮਸ਼ੇਰ ਸਿੰਘ ਨੇ ਪਾਣੀ ਕੱਢਣ ਦਾ ਦਿੱਤਾ ਸੀ ਭਰੋਸਾ


ਕਿਸਾਨਾਂ ਨੇ ਦੱਸਿਆ ਕਿ ਪਿੰਡ ਵਿੱਚ ਹੜ੍ਹਾਂ ਦਾ ਪਾਣੀ ਆ ਗਿਆ ਸੀ ਤਾਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ। ਉਹ ਇਸ ਪਾਣੀ ਨੂੰ ਖੇਤਾਂ ਵਿੱਚੋਂ ਕੱਢਣ ਲਈ ਯੋਗ ਉਪਰਾਲੇ ਕਰਨਗੇ ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪਾਣੀ ਨਹੀਂ ਕੱਢਿਆ ਗਿਆ। ਅਜੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ।


ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ 'ਆਪ' ਆਗੂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਪਿੰਡਾਂ ਦੇ ਲੋਕਾਂ ਨੇ ਕਿਹਾ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚੋਂ ਹੜ੍ਹਾਂ ਦੇ ਪਾਣੀ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ, ਉੱਥੇ ਹੀ ਸਰਕਾਰ ਦੇ ਨੁਮਾਇੰਦੇ ਸਿਆਸੀ ਰੋਟੀਆਂ ਸੇਕਣ ਲਈ ਪਿੰਡਾਂ ਵਿੱਚ ਆ ਰਹੇ ਹਨ। ਜਦੋਂ ਪਿੰਡ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।


ਵਿਰੋਧ ਵੇਖਦੇ ਹੋਏ ਸ਼ਮਸ਼ੇਰ ਸਿੰਘ ਵਰਕਰਾਂ ਸਣੇ ਪਰਤੇ ਵਾਪਸ 


ਮਾਹੌਲ ਨੂੰ ਵੇਖਦਿਆਂ ਸ਼ਮਸ਼ੇਰ ਸਿੰਘ ਨੂੰ ਉਥੋਂ ਮੁੜਨਾ ਪਿਆ। ਇਸ ਦੌਰਾਨ ਇੱਕ ‘ਆਪ’ ਵਰਕਰ ਨੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਕਿਹੜੀ ਵੋਟ ਪਾਈ ਹੈ, ਜਿਸ ਤੋਂ ਬਾਅਦ ਪਿੰਡ ਦੇ ਲੋਕ ਹੋਰ ਭੜਕ ਗਏ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਪ੍ਰਸ਼ਾਸਨ ਨੇ ਸਥਿਤੀ ’ਤੇ ਕਾਬੂ ਪਾਇਆ ਤੇ ਸ਼ਮਸ਼ੇਰ ਸਿੰਘ ਨੂੰ ਵਾਪਸ ਪਰਤਣਾ ਪਿਆ।


ਅਨਸਰਾਂ ਨੇ ਜਾਣਬੁੱਝ ਕੇ ਮਾਹੌਲ ਕੀਤਾ ਖਰਾਬ 


ਇਸ ਮਾਮਲੇ ਸਬੰਧੀ ਜਦੋਂ ਹਲਕਾ ਇੰਚਾਰਜ ਸ਼ਮਸ਼ੇਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ, ਕੁਝ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਸਾਹਮਣੇ ਰੱਖੀਆਂ ਸਨ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਉਨ੍ਹਾਂ ਦਾ ਕੰਮ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਜਾਣਬੁੱਝ ਕੇ ਉਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।