Punjab News: ਇਤਿਹਾਸਕ ਸ਼ਹਿਰ ਦੀਨਾਨਗਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੀਨਾਨਗਰ ਰੇਲਵੇ ਸਟੇਸ਼ਨ ਨੇੜੇ ਅੰਮ੍ਰਿਤਸਰ-ਪਠਾਨਕੋਟ ਰੇਲਵੇ ਸੈਕਸ਼ਨ ਉਤੇ ਨਵਾਂ ਬਣਿਆ ਰੇਲਵੇ ਓਵਰ ਬ੍ਰਿਜ ਲੋਕਾਂ ਨੂੰ ਸਮਰਪਿਤ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਮੁਖਾਤਬ ਹੁੰਦਿਆਂ ਨਸ਼ੇ ਦੀ ਸਪਲਾਈ ਦਾ ਮੁੜ ਤੋਂ ਲੱਕ ਤੋੜਣ ਦੀ ਗੱਲ ਕੀਤੀ।


ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਲਗਾਤਾਰ ਨਸ਼ੇ ਦੀ ਸਪਲਾਈ ਤੋੜਨ ਵਿੱਚ ਲੱਗੇ ਹੋਏ ਹਨ। ਮਾਨ ਨੇ ਕਿਹਾ ਕਿ ਜੋ ਵੀ ਚਿੱਟੇ ਦੇ ਮਰੀਜ਼ ਨੌਜਵਾਨਾਂ ਨੂੰ ਹਸਪਤਾਲ ਲਜਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ, ਇਸ ਦੇ ਨਾਲ ਹੀ ਜੋ ਦੋਸ਼ੀ ਹੋਣਗੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਆਦੇਸ਼ ਜਾਰੀ ਕੀਤੇ ਗਏ ਹਨ ਜੇ ਕੋਈ ਪੁਲਿਸ ਵਾਲਾ ਨਸ਼ਾ ਤਸਕਰਾਂ ਨਾਲ ਮਿਲਿਆ ਹੋਇਆ ਪਤਾ ਲੱਗਿਆ ਤਾਂ ਉਸ ਇਲਾਕੇ ਦੇ SSP ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।






ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਵੱਡੇ ਪੱਧਰ 'ਤੇ ਚੱਲ ਰਹੇ ਨਸ਼ੇ ਦੇ ਨੈਕਸਸ ਨੂੰ ਤੋੜਣ ਲਈ ਸਾਡੀ ਸਰਕਾਰ ਲਗਾਤਾਰ ਲੱਗੀ ਹੋਈ ਹੈ... ਇਸ ਨੂੰ ਤੋੜ ਕੇ ਨਸ਼ੇ ਦੇ ਆਦੀ ਹੋਏ ਨੌਜਵਾਨਾਂ ਦਾ ਮੁੜ-ਵਸੇਬਾ ਕਰਵਾ ਰਹੇ ਹਾਂ... ਸਮੱਗਲਰਾਂ ਉੱਪਰ ਵੀ ਲਗਾਤਾਰ ਸ਼ਿਕੰਜਾ ਕੱਸ ਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ... ਕਿਸੇ ਵੀ ਕੀਮਤ 'ਤੇ ਉਹਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ...


ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਇਸ ਅਲਾਮਤ ਤੋਂ ਦੂਰ ਰਹਿਣ ਤੇ ਆਪਣਾ ਭਵਿੱਖ ਬਣਾ ਸਕਣ।