ਚੰਡੀਗੜ੍ਹ: ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪੱਬਾਂ ਭਾਰ ਹਨ। ਉਹ ਭਲੀਭਾਂਤ ਜਾਣਦੇ ਹਨ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਕਿਵੇਂ ਇਸ ਮੁਕੱਦਸ ਅਸਥਾਨ ਨਾਲ ਜੁੜੀਆਂ ਹਨ। ਹੁਣ ਇਮਰਾਨ ਖ਼ਾਨ ਨੇ ਗੁਰਦੁਆਰੇ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਇਸ ਗੱਲ ਦਾ ਐਲਾਨ ਕੀਤਾ ਕਿ ਕਰਤਾਰਪੁਰ ਸਿੱਖ ਸ਼ਰਧਾਲੂਆਂ ਲਈ ਤਿਆਰ ਹੈ।


ਇਸ ਦੇ ਨਾਲ ਹੀ ਇਮਰਾਨ ਖਾਨ ਨੇ ਇੱਕ ਹੋਰ ਟਵੀਟ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਮਿੱਥੇ ਸਮੇਂ 'ਤੇ ਕਰਤਾਰਪੁਰ ਸਾਹਿਬ ਲਾਂਘੇ ਦੀ ਤਿਆਰੀ ਲਈ ਆਪਣੀ ਸਰਕਾਰ ਨੂੰ ਵੀ ਮੁਬਾਰਕਬਾਦ ਦਿੱਤੀ।

ਲਾਂਘੇ ਦੀਆਂ ਇਹ ਖੂਬਸੂਰਤ ਤਸਵੀਰਾਂ ਦੇਖ ਹਰ ਇੱਕ ਦੇ ਦਿਲ 'ਚ ਦਰਸ਼ਨਾਂ ਲਈ ਤਾਂਘ ਉੱਠਣਾ ਸੁਭਾਵਕ ਹੈ। ਪਾਕਿਸਾਨ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕਰਨ ਲਈ ਤਿਆਰ-ਬਰ-ਤਿਆਰ ਹੈ। ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਤੇ ਲਾਂਘੇ ਬਾਬਤ ਪੂਰਾ ਵੇਰਵਾ ਵੀ ਸਾਂਝਾ ਕੀਤਾ ਗਿਆ ਹੈ।

ਕਰਤਾਰਪੁਰ ਸਾਹਿਬ ਲਾਂਘੇ ਦਾ ਵੇਰਵਾ

ਭਾਰਤੀ ਸਰਹੱਦ ਤੋਂ ਸਾਢੇ ਚਾਰ ਕਿਲੋਮੀਟਰ ਦੂਰ ਪਾਕਿ ਦੇ ਨਾਰੋਵਾਲ ਜ਼ਿਲ੍ਹੇ 'ਚ ਸਥਿਤ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ।

ਕਰਤਾਰਪੁਰ ਕੌਰੀਡੋਰ ਪ੍ਰੋਜੈਕਟ ਕੁੱਲ 823 ਏਕੜ ਜ਼ਮੀਨ 'ਚ ਫੈਲਿਆ ਹੋਇਆ।

104 ਏਕੜ 'ਚ ਗੁਰਦੁਆਰਾ ਕੰਪਲੈਕਸ ਬਣਾਇਆ ਗਿਆ ਹੈ ਜੋ ਪਹਿਲਾਂ 44 ਏਕੜ 'ਚ ਮੌਜੂਦ ਸੀ।

ਗੁਰਦੁਆਰਾ ਕੰਪਲੈਕਸ 'ਚ ਕੋਰਟਯਾਰਡ, ਬਾਰ੍ਹਾਂਦਰੀ, ਲੰਗਰ ਹਾਲ ਤੇ ਸਰ੍ਹਾਂ ਦੀਆਂ ਇਮਾਰਤਾਂ ਉਸਾਰੀਆਂ ਗਈਆਂ।

ਲਾਂਘੇ ਲਈ 800 ਮੀਟਰ ਪੁਲ ਰਾਵੀ ਦਰਿਆ 'ਤੇ ਉਸਾਰਿਆ ਗਿਆ।

ਭਾਰਤੀ ਹੱਦ ਤੋਂ ਪਾਕਿ ਹੱਦ ਤਕ ਸਿਰਫ਼ 270 ਮੀਟਰ ਪੈਦਲ ਤੁਰਨਾ ਪਏਗਾ।

ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ 76 ਕਾਊਂਟਰ ਬਣਾਏ ਗਏ।

ਪਾਕਿ ਹੱਦ 'ਤੇ ਪਹੁੰਚਣ ਤੋਂ ਬਾਅਦ ਸ਼ਰਧਾਲੂ 20 ਡਾਲਰ ਫੀਸ ਦੇਵੇਗਾ। ਇਸ ਮਗਰੋਂ ਉਸ ਨੂੰ ਇਕ ਸਲਿੱਪ ਦਿੱਤੀ ਜਾਵੇਗੀ।

ਸ਼ਰਧਾਲੂ ਸਵੇਰ 7 ਵਜੇ ਤੋਂ ਸਾਢੇ 11 ਵਜੇ ਤਕ ਪਾਕਿ ਹੱਦ 'ਚ ਦਾਖ਼ਲ ਹੋ ਸਕਦੇ ਹਨ ਤੇ ਦੁਪਹਿਰ ਸਾਢੇ 12 ਵਜੇ ਤੋਂ ਸ਼ਾਮ 5 ਵਜੇ ਤਕ ਵਾਪਸ ਆ ਸਕਦੇ ਹਨ।

ਪਾਕਿਸਤਾਨ ਰੋਜ਼ਾਨਾ 5000 ਸ਼ਰਧਾਲੂਆਂ ਨੂੰ ਆਉਣ ਦੀ ਆਗਿਆ ਦੇਵੇਗਾ।